ਫ਼ਾਜ਼ਿਲਕਾ, 2 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸਥਾਨਕ ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਹਨੂਮੰਤ ਜੈਅੰਤੀ ਦੇ ਸ਼ੁੱਭ ਦਿਹਾੜੇ 'ਤੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤੀ ਗਈ | ਇਸ ਮੌਕੇ ਸਕੂਲ ਵਿਚ ਨਵੇਂ ਸੈਸ਼ਨ ਦੀ ਸਫਲਤਾ ਲਈ ਭਗਵਾਨ ਹਨੰੂਮਾਨ ਜੀ ਦਾ ਵਿਸ਼ੇਸ਼ ਸੰਕੀਰਤਨ ਕਰਵਾਇਆ ਗਿਆ | ਇਹ ਸੰਕੀਰਤਨ 'ਗਲੀ-ਗਲੀ ਹਨੂਮਾਨ ਚਾਲੀਸਾ' ਸੰਸਥਾ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ, ਜਿਸ ਵਿਚ ਸਕੂਲ ਦੇ ਸਮੂਹ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ | ਪ੍ਰੋਗਰਾਮ ਦੀ ਸ਼ੁਰੂਆਤ ਗਣੇਸ਼ ਪੂਜਾ ਨਾਲ ਹੋਈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਸੁਨੀਤਾ ਛਾਬੜਾ ਅਤੇ ਸਕੂਲ ਪ੍ਰਬੰਧਕ ਸ੍ਰੀਮਤੀ ਰਿਚਾ ਪ੍ਰਣਾਮੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਭਜਨਾਂ ਦਾ ਅਨੰਦ ਮਾਣਿਆ | ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਬਾਲਾ ਜੀ ਦੇ ਭਜਨਾਂ 'ਤੇ ਨੱਚ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ | ਸੰਸਥਾ ਦੇ ਪ੍ਰਧਾਨ ਨੇ ਬੱਚਿਆਂ ਨੂੰ ਧਰਮ ਅਤੇ ਨੈਤਿਕ ਕਦਰਾਂ-ਕੀਮਤਾਂ ਬਾਰੇ ਜਾਣਕਾਰੀ ਦਿੱਤੀ | ਸਮਾਗਮ ਦੇ ਅੰਤ ਵਿਚ ਸਾਰਿਆਂ ਨੇ ਰਲ ਕੇ ਆਰਤੀ ਕੀਤੀ ਅਤੇ ਬੱਚਿਆਂ ਨੂੰ ਲੱਡੂਆਂ ਦਾ ਪ੍ਰਸਾਦ ਵੰਡਿਆ ਗਿਆ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਅਜਿਹੇ ਧਾਰਮਿਕ ਪ੍ਰੋਗਰਾਮ ਕਰਵਾਉਣ ਦਾ ਮਕਸਦ ਬੱਚਿਆਂ ਨੂੰ ਆਪਣੀ ਸੰਸਕਿ੍ਤੀ ਨਾਲ ਜੋੜਨਾ ਹੈ |