ਫ਼ਾਜ਼ਿਲਕਾ, 7 ਅਪ੍ਰੈਲ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਨਗਰ ਕੌਂਸਲ ਬੋਰਡ ਜਿਸ ਨੇ ਆਪਣੇ ਪੰਜ ਸਾਲ ਪੂਰੇ ਕਰ ਲਏ ਹਨ | ਆਪਣੇ ਕਾਰਜਕਾਲ ਦੀ ਆਖ਼ਰੀ ਮੀਟਿੰਗ ਵਿਚ ਸ਼ਹਿਰ ਅੰਦਰ ਕੀਤੇ ਵਿਕਾਸ ਕੰਮਾਂ ਦਾ ਵੇਰਵਾ ਪੇਸ਼ ਕੀਤਾ | ਨਗਰ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਚਦੇਵਾ ਨੇ ਦੱਸਿਆ ਕਿ ਪੰਜ ਸਾਲਾਂ ਅੰਦਰ ਜਿੱਥੇ ਪੁਰਾਣੇ ਪ੍ਰੋਜੈਕਟ ਪੂਰੇ ਕੀਤੇ ਗਏ ਹਨ ਉੱਥੇ ਹੀ ਕਰੋੜਾਂ ਰੁਪਏ ਖ਼ਰਚ ਕੇ ਸ਼ਹਿਰ ਦੀਆਂ ਗਲੀਆਂ, ਨਾਲੀਆਂ, ਸੜਕਾਂ, ਸਟਰੀਟ ਲਾਈਟਾਂ ਆਦਿ ਸਹੂਲਤਾਂ 'ਤੇ ਲਗਾਏ ਹਨ | ਇਸ ਮੀਟਿੰਗ ਵਿਚ ਭੰਗ ਹੋ ਰਹੀ ਕੌਂਸਲ ਦੇ ਸਾਰੇ ਮੈਂਬਰ ਹਾਜ਼ਰ ਸਨ | ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਡਰੇਨ ਸਿਸਟਮ ਦੇ ਪ੍ਰੋਜੈਕਟ ਵੀ ਅਮਲ ਵਿਚ ਲਿਆਂਦੇ ਗਏ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੇ ਰਿਕਾਰਡ ਅਨੁਸਾਰ ਜਿੱਥੇ ਸ਼ਹਿਰ ਦੀਆਂ ਕਈਆਂ ਸੜਕਾਂ ਦਾ ਨਵੀਨੀਕਰਨ ਕੀਤਾ ਗਿਆ ਅਤੇ ਕਈ ਸੜਕਾਂ ਨੂੰ ਇੰਟਰਲਾਕਿੰਗ ਨਾਲ ਬਣਾਇਆ ਗਿਆ | ਨਗਰ ਕੌਂਸਲ ਦੀ ਮੀਟਿੰਗ ਵਿਚ ਇਕ ਅਹਿਮ ਮਤਾ ਕਿ ਜੇਲ੍ਹ ਵਿਭਾਗ ਵਲੋਂ ਪੁਲਿਸ ਲਾਈਨ ਦੇ ਨਾਲ ਪਈ ਕੌਂਸਲ ਦੀ 20 ਏਕੜ ਜ਼ਮੀਨ ਦੇਣ, ਜਿਸ ਉੱਪਰ ਜ਼ਿਲ੍ਹਾ ਜੇਲ੍ਹ ਬਣਾਈ ਜਾਣੀ ਹੈ ਦੇ ਇਸ ਮਤੇ ਨੂੰ ਮੁੜ ਵਿਚਾਰ ਕਰਨ ਲਈ ਰੱਖ ਦਿੱਤਾ ਗਿਆ | ਇਸ ਤੋਂ ਇਲਾਵਾ ਉਨ੍ਹਾਂ ਸ਼ਹਿਰ ਅੰਦਰ ਵਿਕਾਸ ਕੰਮਾਂ ਬਾਰੇ ਦੱਸਿਆ ਕਿ ਸ਼ਹਿਰ ਦੇ 4270 ਸਟਰੀਟ ਲਾਈਨਾਂ ਦੇ ਪੁਆਇੰਟਾਂ ਵਿਚ ਵਾਧਾ ਕਰਕੇ 5443 ਪੁਆਇੰਟ ਬਣਾਏ ਗਏ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹਿਰ ਅੰਦਰ ਬਣੇ ਵੱਖ-ਵੱਖ ਕਮਿਊਨਿਟੀ ਹਾਲਾਂ ਦਾ ਨਵੀਨੀਕਰਨ ਕੀਤਾ ਗਿਆ ਹੈ | ਸ਼ਹਿਰ ਦੇ ਪਾਰਕਾਂ ਦਾ ਵੱਡੀ ਪੱਧਰ 'ਤੇ ਸੁਧਾਰ ਕੀਤਾ ਗਿਆ ਹੈ | ਮੀਟਿੰਗ ਵਿਚ ਹਾਜ਼ਰ ਸਾਰੇ ਕੌਂਸਲਰਾਂ ਨੇ ਸਹਿਮਤੀ ਨਾਲ ਸ਼ਹਿਰ ਅੰਦਰ ਕੌਂਸਲ ਵਾਲੀ ਥਾਂ 'ਤੇ ਬਣੇ ਮਕਾਨਾਂ ਅਤੇ ਦੁਕਾਨਾਂ ਦੇ ਕਬਜ਼ਾ ਧਾਰਕਾਂ ਨੂੰ ਮੁੱਲ 'ਤੇ ਦੇਣ ਲਈ ਕਾਫ਼ੀ ਸਮਾਂ ਪਹਿਲਾਂ ਇਕ ਮਤਾ ਪਾਸ ਕੀਤਾ ਗਿਆ ਸੀ | ਜੋ ਸਰਕਾਰ ਨੂੰ ਭੇਜਿਆ ਗਿਆ ਹੈ | ਆਖ਼ਰੀ ਮੀਟਿੰਗ ਵਿਚ ਫਿਰ ਦੁਬਾਰਾ ਸਾਰੇ ਕੌਂਸਲਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਤੇ ਨੂੰ ਜਲਦੀ ਪ੍ਰਵਾਨ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦਾ ਆਖ਼ਰੀ ਸਮੇਂ ਤੱਕ ਸ਼ਹਿਰ ਦੇ ਲੋਕਾਂ ਨੂੰ ਸਹੂਲਤਾਂ ਦੇਣ ਦਾ ਟੀਚਾ ਰਿਹਾ ਹੈ | ਜੋ ਕਿ ਭਵਿੱਖ ਵਿਚ ਵੀ ਜਾਰੀ ਰਹੇਗਾ |