ਅਬੋਹਰ, 7 ਅਪ੍ਰੈਲ(ਵਿਵੇਕ ਹੂੜੀਆ)-ਪਿਛਲੇ ਲੰਬੇ ਸਮੇਂ ਤੋਂ ਦਿਵਿਆਂਗਾਂ ਦੀ ਸੇਵਾ ਵਿਚ ਜੁਟੇ ਉੱਘੇ ਸਮਾਜ ਸੇਵੀ ਵਿਪਨ ਸ਼ਰਮਾ ਵਲੋਂ ਇਕ ਵਿਸ਼ੇਸ਼ ਉਪਰਾਲੇ ਤਹਿਤ ਕਰੀਬ 30 ਦਿਵਿਆਂਗ ਵਿਅਕਤੀਆਂ ਨੂੰ ਰੇਲਵੇ ਪਾਸ ਵੰਡੇ ਗਏ | ਇਸ ਮੌਕੇ ਗੌਤਮ ਸ਼ਰਮਾ, ਰਾਮ ਪ੍ਰਕਾਸ਼ ਮਿੱਤਲ ਅਤੇ ਰੇਲਵੇ ਅਧਿਕਾਰੀਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਵਿਪਨ ਸ਼ਰਮਾ ਵੱਲੋਂ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦੀ ਸ਼ਲਾਘਾ ਕੀਤੀ | ਵਿਪਨ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿਛਲੇ ਕਰੀਬ 10 ਸਾਲਾਂ ਤੋਂ ਦਿਵਿਆਂਗਾਂ ਦੇ ਸਰਟੀਫਿਕੇਟ, ਸਰਕਾਰੀ ਪੈਨਸ਼ਨ, ਬੱਸ ਪਾਸ ਅਤੇ ਰੇਲਵੇ ਪਾਸ ਬਣਵਾਉਣ ਵਿਚ ਮਦਦ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਹਰ ਸ਼ੁੱਕਰਵਾਰ ਉਹ ਵਿਸ਼ੇਸ਼ ਤੌਰ 'ਤੇ ਦਿਵਿਆਂਗਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਸਮਾਂ ਕੱਢਦੇ ਹਨ | ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਦਿਵਿਆਂਗ ਨੂੰ ਸਰਕਾਰੀ ਸਹੂਲਤਾਂ ਲੈਣ ਵਿਚ ਦਿੱਕਤ ਆ ਰਹੀ ਹੈ, ਤਾਂ ਉਹ ਉਨ੍ਹਾਂ ਦੇ ਮੋਬਾਈਲ ਨੰਬਰ 'ਤੇ ਸੰਪਰਕ ਕਰ ਸਕਦਾ ਹੈ | ਇਸ ਮੌਕੇ ਰੇਲਵੇ ਸਟੇਸ਼ਨ ਅਧਿਕਾਰੀ ਰਾਜ ਕੁਮਾਰ, ਗੌਤਮ ਸ਼ਰਮਾ ਅਤੇ ਰਾਮ ਪ੍ਰਕਾਸ਼ ਮਿੱਤਲ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਜਿੱਥੇ ਹਰ ਕੋਈ ਆਪਣੇ ਲਈ ਜਿਉਂਦਾ ਹੈ, ਉੱਥੇ ਵਿਪਨ ਸ਼ਰਮਾ ਵਰਗੇ ਇਨਸਾਨ ਸਮਾਜ ਦੇ ਲੋੜਵੰਦ ਵਰਗ ਦੀ ਬਾਂਹ ਫੜ ਰਹੇ ਹਨ, ਜੋ ਕਿ ਬਹੁਤ ਵੱਡੀ ਗੱਲ ਹੈ | ਇਸ ਮੌਕੇ ਆਸ਼ੀਸ਼ ਵਰਮਾ, ਲੋਕੇਸ਼ ਸ਼ਰਮਾ, ਕਮਲ ਸ਼ਰਮਾ, ਸੁਭਾਸ਼ ਸ਼ਾਕਿਆ ਅਤੇ ਹੋਰ ਰੇਲਵੇ ਅਧਿਕਾਰੀ ਵੀ ਮੌਜੂਦ ਸਨ |