ਫ਼ਾਜ਼ਿਲਕਾ, 11 ਅਪ੍ਰੈਲ (ਅਮਰਜੀਤ ਸ਼ਰਮਾ)-ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਰਜਿ.ਫ਼ਾਜ਼ਿਲਕਾ ਦੀ ਇਕ ਅਹਿਮ ਮੀਟਿੰਗ ਮਾਸਟਰ ਬੂਟਾ ਸਿੰਘ ਚਿਮਨੇਵਾਲਾ ਦੀ ਪ੍ਰਧਾਨਗੀ ਹੇਠ ਸਥਾਨਕ ਤਹਿਸੀਲ ਕੰਪਲੈਕਸ ਦਫ਼ਤਰ ਵਿਖੇ ਹੋਈ | ਇਸ ਮੀਟਿੰਗ ਵਿਚ ਐਸੋਸੀਏਸ਼ਨ ਦੀ ਕਾਰਜਕਾਰਨੀ ਦੇ ਤਿੰਨ ਸਾਲ ਪੂਰੇ ਹੋਣ 'ਤੇ ਪਿਛਲੀ ਕਾਰਜਕਾਰਨੀ ਨੂੰ ਭੰਗ ਕਰ ਦਿੱਤਾ ਗਿਆ | ਇਸ ਤੋਂ ਬਾਅਦ ਨਵੀਂ ਕਾਰਜਕਾਰਨੀ ਦੀ ਚੋਣ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਅਤੇ ਸਰਪ੍ਰਸਤ ਕੇਵਲ ਕ੍ਰਿਸ਼ਨ ਸੇਠੀ ਦੀ ਦੇਖ ਰੇਖ ਵਿਚ ਹੋਈ | ਮੀਟਿੰਗ ਵਿਚ ਹਾਜ਼ਰ ਸਮੂਹ ਮੈਂਬਰਾਂ ਨੇ ਮਾਸਟਰ ਬੂਟਾ ਸਿੰਘ ਚਿਮਨੇਵਾਲਾ ਦੀਆਂ ਪਿਛਲੀਆਂ ਸੇਵਾਵਾਂ ਨੂੰ ਦੇਖਦਿਆਂ ਉਨ੍ਹਾਂ ਨੂੰ ਇਕ ਵਾਰ ਫਿਰ ਤੋਂ ਸਰਬਸੰਮਤੀ ਨਾਲ ਐਸੋਸੀਏਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ | ਉਨ੍ਹਾਂ ਦਾ ਨਾਮ ਦੇਵਰਾਜ ਵਲੋਂ ਪੇਸ਼ ਕੀਤਾ ਗਿਆ | ਜਿਸ ਦੀ ਹਿਮਾਇਤ ਰਾਜ ਕੁਮਾਰ ਗੁੰਬਰ, ਸੂਰਜ ਪ੍ਰਕਾਸ਼ ਖੁਰਾਨਾ, ਈਸ਼ਰ ਦਾਸ ਆਦਿ ਨੇ ਕੀਤੀ | ਇਸ ਤੋਂ ਇਲਾਵਾ ਮਾ.ਟਹਿਲ ਸਿੰਘ ਸੈਣੀ ਨੂੰ ਜਨਰਲ ਸਕੱਤਰ ਅਤੇ ਹਰਬੰਸ ਲਾਲ ਕਟਾਰੀਆਂ ਨੂੰ ਖ਼ਜ਼ਾਨਚੀ ਚੁਣਿਆ ਗਿਆ | ਇਸ ਮੌਕੇ ਇਕ ਵਾਰ ਫਿਰ ਤੋਂ ਐਸੋਸੀਏਸ਼ਨ ਦਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਮਾਸਟਰ ਬੂਟਾ ਸਿੰਘ ਨੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ |