ਅਬੋਹਰ, 13 ਅਪ੍ਰੈਲ (ਵਿਵੇਕ ਹੂੜੀਆ)-ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਢੀਂਗਾਂ ਵਾਲੀ ਦੇ ਨਿਵਾਸੀ ਅਤੇ ਭਾਜਪਾ ਆਗੂ ਸੁਸ਼ੀਲ ਸਿਆਗ ਨੂੰ ਸਵਦੇਸ਼ੀ ਜਾਗਰਨ ਮੰਚ ਜ਼ਿਲ੍ਹਾ ਫ਼ਾਜ਼ਿਲਕਾ ਦਾ ਸੰਯੋਜਕ ਨਿਯੁਕਤ ਕੀਤਾ ਗਿਆ ਹੈ | ਸੁਸ਼ੀਲ ਸਿਆਗ, ਜੋ ਕਿ ਸਰਪੰਚ ਯੂਨੀਅਨ ਬਲਾਕ ਬੱਲੂਆਣਾ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਹਨ, ਦੀ ਨਿਯੁਕਤੀ ਦਾ ਐਲਾਨ ਪ੍ਰਾਂਤਕ ਸੰਗਠਨ ਮੰਤਰੀ ਵਿਨੈ ਕੁਮਾਰ ਵਲੋਂ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਵਿਨੈ ਕੁਮਾਰ ਨੇ ਉਮੀਦ ਪ੍ਰਗਟਾਈ ਕਿ ਰਾਸ਼ਟਰਵਾਦੀ ਵਿਚਾਰਕ ਸੁਸ਼ੀਲ ਸਿਆਗ ਸਵਦੇਸ਼ੀ ਵਿਚਾਰਧਾਰਾ ਨੂੰ ਜ਼ਿਲ੍ਹੇ ਦੇ ਕੋਨੇ-ਕੋਨੇ ਤੱਕ ਪਹੁੰਚਾਉਣਗੇ | ਆਪਣੀ ਨਿਯੁਕਤੀ ਲਈ ਸੰਘ ਪਰਿਵਾਰ ਦਾ ਧੰਨਵਾਦ ਕਰਦਿਆਂ ਸੁਸ਼ੀਲ ਸਿਆਗ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਲਗਨ ਨਾਲ ਨਿਭਾਉਣਗੇ | ਜ਼ਿਕਰਯੋਗ ਹੈ ਕਿ ਸਿਆਗ ਸਮਾਜਿਕ ਮੁੱਦਿਆਂ 'ਤੇ ਹਮੇਸ਼ਾ ਸਰਗਰਮ ਰਹਿੰਦੇ ਹਨ ਅਤੇ ਗ਼ਰੀਬ ਕੰਨਿਆਂਵਾਂ ਦੇ ਵਿਆਹ, ਵਿਦਿਆਰਥੀਆਂ ਦੀ ਮਦਦ ਅਤੇ ਲੋੜਵੰਦਾਂ ਦੀਆਂ ਪੈਨਸ਼ਨਾਂ ਲਗਵਾਉਣ ਵਰਗੇ ਲੋਕ ਸੇਵਾ ਦੇ ਕਾਰਜਾਂ ਵਿਚ ਮੋਹਰੀ ਰਹਿੰਦੇ ਹਨ | ਉਨ੍ਹਾਂ ਨੇ ਆਪਣੇ ਸਰਪੰਚੀ ਕਾਲ ਦੌਰਾਨ ਪਿੰਡ ਢੀਂਗਾਂ ਵਾਲੀ ਨੂੰ ਇਕ ਮਾਡਲ ਪਿੰਡ ਵਜੋਂ ਵਿਕਸਤ ਕਰਕੇ ਜ਼ਿਲ੍ਹੇ 'ਚ ਮਿਸਾਲ ਪੈਦਾ ਕੀਤੀ ਸੀ | ਇਸ ਮੌਕੇ ਰੋਹਿਤ ਕੁਮਾਰ 'ਰਿੱਕੀ', ਇੰਦਰਾਜ, ਮਦਨ ਲਾਲ ਨੋਖਵਾਲ, ਸਰਪੰਚ ਬਿ੍ਜਮੋਹਨ, ਗੌਰਵ ਸਰਵਟਾ ਅਤੇ ਹੋਰ ਵਰਕਰ ਹਾਜ਼ਰ ਸਨ |