ਫ਼ਾਜ਼ਿਲਕਾ, 16 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬੂਲ ਸ਼ਾਹ ਖੁੱਬਣ ਦੀ ਹੋਣਹਾਰ ਵਿਦਿਆਰਥਣ ਨਵਨਪ੍ਰੀਤ ਕੌਰ ਨੇ ਭਾਰਤੀ ਪੁਲਾੜ ਖੋਜ ਸੰਸਥਾ ਦੇ ਵੱਕਾਰੀ 'ਯੁਵਾ ਵਿਗਿਆਨੀ ਪ੍ਰੋਗਰਾਮ' ਵਿਚ ਚੁਣੇ ਜਾਣ ਦਾ ਮਾਣ ਹਾਸਲ ਕੀਤਾ ਹੈ | ਇਸ ਪ੍ਰਾਪਤੀ ਨਾਲ ਸਕੂਲ ਅਤੇ ਇਲਾਕੇ ਦਾ ਨਾਮ ਪੂਰੇ ਦੇਸ਼ ਵਿਚ ਰੌਸ਼ਨ ਹੋਇਆ ਹੈ | ਇਹ ਵਿਸ਼ੇਸ਼ ਪ੍ਰੋਗਰਾਮ ਇਸਰੋ ਵਲੋਂ ਵਿਦਿਆਰਥੀਆਂ ਵਿਚ ਪੁਲਾੜ ਵਿਗਿਆਨ ਅਤੇ ਤਕਨਾਲੋਜੀ ਪ੍ਰਤੀ ਰੁਝਾਨ ਵਧਾਉਣ ਲਈ ਚਲਾਇਆ ਜਾਂਦਾ ਹੈ | ਇਸ ਤਹਿਤ ਚੁਣੇ ਗਏ ਵਿਦਿਆਰਥੀਆਂ ਨੂੰ ਰਾਕੇਟ ਵਿਗਿਆਨ, ਸੈਟੇਲਾਈਟ ਨਿਰਮਾਣ ਅਤੇ ਵੱਖ-ਵੱਖ ਵਿਗਿਆਨਕ ਪ੍ਰਯੋਗਾਂ ਬਾਰੇ ਪ੍ਰਯੋਗਾਤਮਿਕ ਜਾਣਕਾਰੀ ਦਿੱਤੀ ਜਾਂਦੀ ਹੈ | ਇਸ ਵੱਡੀ ਉਪਲਬਧੀ ਦਾ ਸਿਹਰਾ ਸਕੂਲ ਦੀ ਪਿ੍ੰਸੀਪਲ ਡਾ.ਨਵਜੀਤ ਕੌਰ ਸਰਾਂ (ਸਟੇਟ ਐਵਾਰਡੀ) ਦੀ ਅਗਵਾਈ, ਸਾਇੰਸ ਵਿਭਾਗ ਦੀ ਅਣਥੱਕ ਮਿਹਨਤ ਅਤੇ ਭਾਰਤੀ ਏਅਰਟੇਲ ਫਾਊਾਡੇਸ਼ਨ ਦੇ ਸਹਿਯੋਗ ਨੂੰ ਜਾਂਦਾ ਹੈ | ਇਨ੍ਹਾਂ ਸਾਰਿਆਂ ਦੇ ਯੋਗ ਮਾਰਗਦਰਸ਼ਨ ਸਦਕਾ ਨਵਨਪ੍ਰੀਤ ਇਸ ਮੁਕਾਮ 'ਤੇ ਪਹੁੰਚਣ ਵਿਚ ਸਫਲ ਰਹੀ | ਸਕੂਲ ਪ੍ਰਬੰਧਕ ਕਮੇਟੀ ਅਤੇ ਸਮੂਹ ਸਟਾਫ਼ ਵਲੋਂ ਵਿਦਿਆਰਥਣ ਅਤੇ ਉਸ ਦੇ ਮਾਪਿਆਂ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ ਗਈ | ਪਿ੍ੰਸੀਪਲ ਡਾ.ਨਵਜੀਤ ਕੌਰ ਨੇ ਕਿਹਾ ਕਿ ਨਵਨਪ੍ਰੀਤ ਦੀ ਇਹ ਸਫਲਤਾ ਹੋਰਨਾਂ ਵਿਦਿਆਰਥੀਆਂ ਲਈ ਪੇ੍ਰਰਨਾ ਦਾ ਸਰੋਤ ਬਣੇਗੀ ਅਤੇ ਆਉਣ ਵਾਲੇ ਸਮੇਂ ਵਿਚ ਸਰਕਾਰੀ ਸਕੂਲਾਂ ਦੇ ਬੱਚੇ ਵਿਗਿਆਨ ਦੇ ਖੇਤਰ ਵਿਚ ਵੱਡੀਆਂ ਮੱਲ੍ਹਾਂ ਮਾਰਨਗੇ |