ਫ਼ਾਜ਼ਿਲਕਾ, 16 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸਿਹਤ ਵਿਭਾਗ ਵਲੋਂ ਜ਼ਿਲ੍ਹੇ ਵਿਚ ਤੰਬਾਕੂ ਵਿਰੋਧੀ ਮੁਹਿੰਮ ਨੂੰ ਤੇਜ਼ ਕਰਦਿਆਂ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ | ਸਿਵਲ ਸਰਜਨ ਫ਼ਾਜ਼ਿਲਕਾ ਡਾ.ਕਵਿਤਾ ਸਿੰਘ ਅਤੇ ਜ਼ਿਲ੍ਹਾ ਮਹਾਂਮਾਰੀ ਅਫ਼ਸਰ ਡਾ.ਸੁਨੀਤਾ ਕੰਬੋਜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਟੀਮਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਦੁਕਾਨਦਾਰਾਂ ਅਤੇ ਜਨਤਕ ਥਾਵਾਂ 'ਤੇ ਨਿਯਮ ਤੋੜਨ ਵਾਲੇ ਲੋਕਾਂ ਦੇ ਚਲਾਨ ਕੱਟੇ ਗਏ | ਐੱਸ.ਐਮ.ਓ. ਸੀ.ਐੱਚ.ਸੀ ਡੱਬਵਾਲਾ ਕਲਾਂ ਡਾ.ਪੰਕਜ ਚੌਹਾਨ ਅਤੇ ਵਿਜੈ ਕੁਮਾਰ ਨਾਗਪਾਲ ਦੀ ਅਗਵਾਈ ਹੇਠ ਹੈਲਥ ਵੈਲਨੈਸ ਸੈਂਟਰ ਟਾਹਲੀ ਵਾਲਾ ਬੋਦਲਾ ਦੇ ਅਧੀਨ ਆਉਂਦੇ ਪਿੰਡਾਂ ਵਿਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ | ਇਸ ਦੌਰਾਨ ਜਨਤਕ ਥਾਵਾਂ 'ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਅਤੇ ਨਿਯਮਾਂ ਦੇ ਉਲਟ ਤੰਬਾਕੂ ਉਤਪਾਦ ਵੇਚਣ ਵਾਲੇ ਦੁਕਾਨਦਾਰਾਂ ਦੇ ਮੌਕੇ 'ਤੇ ਚਲਾਨ ਕੀਤੇ ਗਏ | ਚੈਕਿੰਗ ਦੌਰਾਨ ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਤੰਬਾਕੂ ਦੇ ਸੇਵਨ ਨਾਲ ਹੋਣ ਵਾਲੀਆਂ ਗੰਭੀਰ ਬਿਮਾਰੀਆਂ, ਜਿਵੇਂ ਕਿ ਕੈਂਸਰ ਅਤੇ ਸਾਹ ਦੀਆਂ ਬਿਮਾਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਜਨਤਕ ਥਾਵਾਂ 'ਤੇ ਤੰਬਾਕੂਨੋਸ਼ੀ ਕਰਨਾ ਕਾਨੂੰਨੀ ਅਪਰਾਧ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਇਸ ਮੌਕੇ ਬਲਦੇਵ ਰਾਜ, ਜਤਿੰਦਰ ਕੁਮਾਰ ਸਾਮਾ ਅਤੇ ਦੀਪਕ ਸ਼ਰਮਾ ਸਮੇਤ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ |