ਜ਼ੀਰਾ 16 ਅਪ੍ਰੈਲ(ਹੀਰਾ)-ਪਿਛਲੇ ਦਿਨੀ ਬੇਮੌਸਮੀ ਬਾਰਸ਼ਾਂ ਕਾਰਨ ਕਣਕ ਦੀ ਕੁਆਲਿਟੀ ਵਿਚ ਆਈ ਗਿਰਾਵਟ ਦੇ ਚੱਲਦਿਆਂ ਪੰਜਾਬ ਵਿਚ ਪਿਛਲੇ ਕਈ ਦਿਨਾਂ ਤੋਂ ਕੋਈ ਵੀ ਖ਼ਰੀਦ ਏਜੰਸੀ ਕਣਕ ਦੀ ਖ਼ਰੀਦ ਨਹੀਂ ਕਰ ਰਹੀ | ਕਣਕ ਦੀ ਖ਼ਰੀਦ ਨਾ ਹੋਣ ਕਾਰਨ ਮੰਡੀਆਂ ਵਿਚ ਕਣਕ ਦੇ ਅੰਬਾਰ ਲੱਗ ਚੁੱਕੇ ਹਨ ਅਤੇ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਮੰਡੀਆਂ ਵਿਚ ਰੁਲਣ ਲਈ ਮਜਬੂਰ ਹੈ | ਐੱਫ.ਸੀ.ਆਈ ਜੋ ਭਾਰਤ ਸਰਕਾਰ ਦੀ ਖ਼ਰੀਦ ਏਜੰਸੀ ਹੈ | ਉਸ ਦਾ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਨਾਲ ਕਣਕ ਦੀ ਕੁਆਲਿਟੀ ਨੂੰ ਲੈ ਕੇ ਰੌਲਾ ਚੱਲ ਰਿਹਾ ਹੈ | ਜਿਸ ਦੇ ਚੱਲਦਿਆਂ ਪੰਜਾਬ ਖ਼ਰੀਦ ਏਜੰਸੀਆਂ ਵਲੋਂ ਮੰਡੀਆਂ ਵਿਚ ਕਿਸੇ ਤਰ੍ਹਾਂ ਦੀ ਖ਼ਰੀਦ ਨਹੀਂ ਕੀਤੀ ਜਾ ਰਹੀ | ਜਦਕਿ ਮੰਡੀਆਂ ਵਿਚ ਕਣਕ ਦੀ ਆਮਦ ਨੇ ਜ਼ੋਰ ਫੜ ਲਿਆ ਹੈ | ਮੰਡੀਆਂ ਵਿਚ ਕਣਕ ਦੀ ਚੁਕਾਈ ਨਾ ਹੋਣ ਕਰਕੇ ਫਸਲ ਸੁੱਟਣ ਲਈ ਜਗ੍ਹਾ ਦੀ ਭਾਰੀ ਕਿੱਲਤ ਪੈਦਾ ਹੋ ਗਈ ਹੈ | ਜ਼ੀਰਾ ਇਲਾਕੇ ਦੀਆਂ ਵੱਖ-ਵੱਖ ਮੰਡੀਆਂ ਵਿਚ ਪਿਛਲੇ ਕਈ ਦਿਨਾਂ ਤੋਂ ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨ ਮੰਡੀਆਂ ਵਿਚ ਰੁਲ ਰਹੇ ਹਨ | ਇਸ ਦੇ ਚੱਲਦਿਆਂ ਕਈ ਆੜ੍ਹਤੀਆਂ ਵਲੋਂ ਕਿਸਾਨਾਂ ਦੇ ਦਬਾਅ ਹੇਠ ਬਿਨਾਂ ਖ਼ਰੀਦ ਕੀਤਿਆਂ ਹੀ ਕਣਕ ਨੂੰ ਗੱਟਿਆਂ ਵਿੱਚ ਧੜਾ ਧੜ ਭਰਿਆ ਜਾ ਰਿਹਾ ਹੈ | ਜਿਹੜਾ ਇਕ ਖ਼ਤਰੇ ਦੀ ਘੰਟੀ ਨਜ਼ਰ ਆਉਂਦਾ ਦਿਸ ਰਿਹਾ ਹੈ | ਇੱਥੇ ਸਵਾਲ ਖੜ੍ਹਾ ਹੁੰਦਾ ਹੈ ਕਿ ਜਦੋਂ ਕਣਕ ਨੂੰ ਕਿਸੇ ਖ਼ਰੀਦ ਏਜੰਸੀ ਨੇ ਖ਼ਰੀਦਿਆ ਹੀ ਨਹੀਂ ਤੇ ਫਿਰ ਸਰਕਾਰੀ ਗੱਟਿਆਂ ਵਿੱਚ ਭਰੀ ਕਣਕ ਦੀ ਪੇਮੈਂਟ ਕਿਸ ਏਜੰਸੀ ਵਲੋਂ ਕੀਤੀ ਜਾਵੇਗੀ ਅਤੇ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ | ਜਦੋਂ ਤੱਕ ਕਣਕ ਦੀ ਕੁਆਲਿਟੀ ਨੂੰ ਲੈ ਕੇ ਐੱਫ.ਸੀ.ਆਈ ਵਲੋਂ ਕੋਈ ਮਾਪਦੰਡ ਨਹੀਂ ਬਣਾਇਆ ਜਾਂਦਾ ਉੱਨੀ ਦੇਰ ਤੱਕ ਇਹ ਮਸਲਾ ਜਿਉਂ ਦਾ ਤਿਉਂ ਬਣਿਆ ਰਹੇਗਾ | ਇਸ ਮਸਲੇ ਸਬੰਧੀ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਐਗਜੈਕਟਿਵ ਮੈਂਬਰ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਬਲਾਕ ਪ੍ਰਧਾਨ ਸੁਖਦੇਵ ਸਿੰਘ ਸਨੇਰ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਹਰਦਿਆਲ ਸਿੰਘ ਅਲੀਪੁਰ ,ਕਿਰਨਪਾਲ ਸਿੰਘ ਸੋਢੀ ਅਤੇ ਚਮਕੌਰ ਸਿੰਘ ਬੱਲ ਬਲਾਕ ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਦੇ ਸੂਬਾ ਪ੍ਰਧਾਨ ਬਲਵੰਤ ਸਿੰਘ ਸੀਨੀਅਰ ਆਗੂ ਨਾਇਬ ਸਿੰਘ ਬੋਤੀਆਂ ਵਾਲਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੀ ਪੁੱਤਾਂ ਵਾਂਗੂੰ ਫਸਲ ਨੂੰ ਜਲਦ ਤੋਂ ਜਲਦ ਖ਼ਰੀਦਿਆ ਜਾਵੇ | ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਮੰਡੀਆਂ ਵਿਚ ਜਾ ਕੇ ਸਰਕਾਰੀ ਖ਼ਰੀਦ ਕਰਨ ਦਾ ਫੋਟੋ ਸੈਸ਼ਨ ਤਾਂ ਕਰਵਾ ਰਹੇ ਹਨ ਪਰ ਹਕੀਕਤ ਵਿੱਚ ਅਜੇ ਤੱਕ ਕਣਕ ਦਾ ਇੱਕ ਵੀ ਦਾਣਾ ਖ਼ਰੀਦ ਏਜੰਸੀਆਂ ਵਲੋਂ ਨਹੀਂ ਖ਼ਰੀਦਿਆ ਗਿਆ | ਉੱਧਰ ਦਿਨ ਰਾਤ ਮੰਡੀਆਂ ਵਿਚ ਬੈਠੇ ਕਿਸਾਨ ਦਰਸ਼ਨ ਸਿੰਘ ਮਹੀਆਂ ਵਾਲਾ, ਬਲਵੰਤ ਸਿੰਘ ਬਡਾਲਾ ਪੁਰਾਣਾ ਨੇ ਤੌਖਲਾ ਪ੍ਰਗਟਾਇਆ ਕਿ ਜੇਕਰ ਮੌਸਮ ਖ਼ਰਾਬ ਹੁੰਦਾ ਹੈ ਤਾਂ ਖੁੱਲੇ੍ਹ ਵਿਚ ਪਈ ਕਣਕ ਦੀ ਫਸਲ ਖ਼ਰਾਬ ਹੋ ਸਕਦੀ ਹੈ ਜਿਸ ਦਾ ਸਿੱਧਾ ਅਸਰ ਉਹਨਾਂ ਦੀ ਜੇਬ ਤੇ ਪਵੇਗਾ |