ਅਬੋਹਰ, 17 ਅਪ੍ਰੈਲ (ਵਿਵੇਕ ਹੂੜੀਆ)-ਬੱਲੂਆਣਾ ਖੇਤਰ ਦੇ ਪਿੰਡ ਜੋਧਪੁਰ ਵਿਖੇ ਅੱਗ ਲੱਗਣ ਦੀ ਇਕ ਮੰਦਭਾਗੀ ਘਟਨਾ ਵਾਪਰੀ, ਜਿਸ ਵਿਚ ਚਾਰ ਪਿੰਡਾਂ ਦੀ ਲਗਭਗ 400 ਏਕੜ ਖੜ੍ਹੀ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ | ਦੱਸਿਆ ਜਾ ਰਿਹਾ ਹੈ ਕਿ ਅੱਗ ਮੁਕਤਸਰ ਜ਼ਿਲ੍ਹੇ ਦੇ ਪਿੰਡ ਕਬਰ ਵਾਲਾ ਤੋਂ ਸ਼ੁਰੂ ਹੋਈ ਸੀ, ਜੋ ਤੇਜ਼ ਹਵਾਵਾਂ ਕਾਰਨ ਪੱਕੀ ਅਤੇ ਗੁਰੂਸਰ ਦੇ ਰਸਤੇ ਪਿੰਡ ਜੋਧਪੁਰ ਤੱਕ ਪਹੁੰਚ ਗਈ | ਅੱਗ ਇੰਨੀ ਤੇਜ਼ ਸੀ ਕਿ ਕਿਸਾਨਾਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ ਅਤੇ ਸਾਲ ਭਰ ਦੀ ਮਿਹਨਤ ਮਿੰਟਾਂ ਵਿਚ ਰਾਖ ਹੋ ਗਈ | ਸੂਚਨਾ ਮਿਲਦੇ ਹੀ ਮਲੋਟ ਅਤੇ ਅਬੋਹਰ ਤੋਂ ਫਾਇਰ ਬਿ੍ਗੇਡ ਦੀਆਂ 4 ਗੱਡੀਆਂ ਮੌਕੇ 'ਤੇ ਪਹੁੰਚੀਆਂ | ਫਾਇਰ ਬਿ੍ਗੇਡ ਦੇ ਕਰਮਚਾਰੀਆਂ ਰਾਜਕੁਮਾਰ, ਪ੍ਰਗਟ ਸਿੰਘ, ਡਰਾਈਵਰ ਇੰਦਰਜੀਤ ਸਿੰਘ, ਰਿੰਕੂ ਸਿੰਘ, ਯਾਦਵਿੰਦਰ, ਅਮਿੱਤ ਸਹਾਰਨ ਅਤੇ ਦਲਜੀਤ ਸਿੰਘ ਨੇ ਭਾਰੀ ਮਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ | ਸਥਾਨਕ ਕਿਸਾਨਾਂ ਨੇ ਵੀ ਹਿੰਮਤ ਦਿਖਾਉਂਦੇ ਹੋਏ ਟਰੈਕਟਰਾਂ ਨਾਲ ਖੇਤ ਵਾਹ ਕੇ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ | ਪਿੰਡ ਵਾਸੀਆਂ ਅਤੇ ਸਰਪੰਚ ਸਤਨਾਮ ਸਿੰਘ ਜੋਧਪੁਰ, ਸਾਹਿਬ ਸਿੰਘ ਨੰਬਰਦਾਰ ਤੇ ਹੋਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੁਕਸਾਨ ਦਾ ਤੁਰੰਤ ਸਰਵੇ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ | ਦੂਜੇ ਪਾਸੇ ਅਬੋਹਰ ਦੇ ਪਿੰਡ ਰਾਜਾਂ ਵਾਲੀ ਵਿਖੇ ਵੀ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪਿੰਡ ਦੇ ਛੱਪੜ ਵਿਚ ਖੜ੍ਹੇ ਸਰਕੰਡਿਆਂ ਨੂੰ ਅਚਾਨਕ ਅੱਗ ਲੱਗ ਗਈ | ਰਿਹਾਇਸ਼ੀ ਇਲਾਕਾ ਨੇੜੇ ਹੋਣ ਕਾਰਨ ਪਿੰਡ ਵਾਸੀਆਂ ਵਿਚ ਘਬਰਾਹਟ ਫੈਲ ਗਈ | ਨੰਬਰਦਾਰ ਅਤੇ ਮਹੀਪਾਲ ਨੇ ਦੱਸਿਆ ਕਿ ਫਾਇਰ ਬਿ੍ਗੇਡ ਅਤੇ ਪਿੰਡ ਵਾਸੀਆਂ ਦੀ ਮੁਸਤੈਦੀ ਸਦਕਾ ਅੱਗ 'ਤੇ ਜਲਦੀ ਕਾਬੂ ਪਾ ਲਿਆ ਗਿਆ, ਜਿਸ ਨਾਲ ਵੱਡਾ ਨੁਕਸਾਨ ਹੋਣੋਂ ਬਚ ਗਿਆ |