ਫ਼ਾਜ਼ਿਲਕਾ, 17 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸੀ.ਬੀ.ਐੱਸ.ਈ. ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਫ਼ਾਜ਼ਿਲਕਾ ਦਾ ਨਾਂ ਪੂਰੇ ਦੇਸ਼ ਵਿਚ ਚਮਕਾਉਣ ਵਾਲੇ ਹੋਣਹਾਰ ਵਿਦਿਆਰਥੀ ਵੈਭਵ ਅਰੋੜਾ ਨੂੰ 'ਅਰੋੜਾ ਵਿਕਾਸ ਮੰਚ' ਫ਼ਾਜ਼ਿਲਕਾ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਮੰਚ ਦੇ ਅਹੁਦੇਦਾਰਾਂ ਨੇ ਵੈਭਵ ਦੇ ਨਿਵਾਸ ਸਥਾਨ 'ਤੇ ਪਹੁੰਚ ਕੇ ਉਸ ਦੇ ਮਾਤਾ-ਪਿਤਾ ਡਿੰਪਲ ਕੁਮਾਰ ਤੇ ਸ਼ਬਨਮ ਅਤੇ ਸਮੂਹ ਪਰਿਵਾਰ ਨੂੰ ਇਸ ਮਾਣਮੱਤੀ ਸਫਲਤਾ ਦੀ ਵਧਾਈ ਦਿੱਤੀ | ਅਰੋੜਾ ਵਿਕਾਸ ਮੰਚ ਦੇ ਪ੍ਰਧਾਨ ਅੰਮਿ੍ਤ ਸਚਦੇਵਾ ਦੀ ਅਗਵਾਈ ਹੇਠ ਸੀਨੀਅਰ ਅਹੁਦੇਦਾਰ ਰਾਜ ਅਰੋੜਾ, ਸੁਨੀਲ ਕੱਕੜ, ਅਸ਼ਵਨੀ ਬੱਬਰ, ਪਿ੍ੰਸੀਪਲ ਰਾਜੇਂਦਰ ਵਿਖੋਨਾ ਅਤੇ ਅਜੈ ਠਕਰਾਲ ਰਾਧਾ ਸੁਆਮੀ ਕਾਲੋਨੀ ਸਥਿਤ ਵੈਭਵ ਦੇ ਘਰ ਪਹੁੰਚੇ | ਇਸ ਮੌਕੇ ਹੋਲੀ ਹਾਰਟ ਡੇ ਬੋਰਡਿੰਗ ਸਕੂਲ ਦੀ ਪਿ੍ੰਸੀਪਲ ਰਿਤੂ ਭੂਸਰੀ ਅਤੇ ਸਟਾਫ਼ ਨੇ ਵੈਭਵ ਦਾ ਮੂੰਹ ਮਿੱਠਾ ਕਰਵਾਇਆ | ਮੰਚ ਵਲੋਂ 'ਅਰੋੜਾ ਪ੍ਰਤਿਭਾ ਸਨਮਾਨ' ਦੀ ਪਰੰਪਰਾ ਤਹਿਤ ਵੈਭਵ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ | ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਮਸ਼ਹੂਰ ਮੋਟੀਵੇਟਰ ਐਡਵੋਕੇਟ ਸੰਜੀਵ ਬਾਂਸਲ ਮਾਰਸ਼ਲ, ਅਸ਼ਵਨੀ ਬੱਬਰ ਅਤੇ ਪਿ੍ੰਸੀਪਲ ਵਿਖੋਨਾ ਨੇ ਵੈਭਵ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਉਸ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਅਜਿਹੇ ਹੋਣਹਾਰ ਬੱਚੇ ਇਲਾਕੇ ਅਤੇ ਸਮਾਜ ਦਾ ਸਰਮਾਇਆ ਹਨ |