ਅਬੋਹਰ, 17 ਅਪ੍ਰੈਲ (ਵਿਵੇਕ ਹੂੜੀਆ)-ਸਥਾਨਕ ਡੀ.ਏ.ਵੀ.ਕਾਲਜ ਆਫ਼ ਐਜੂਕੇਸ਼ਨ ਅਬੋਹਰ ਵਿਖੇ ਕਾਰਜਕਾਰੀ ਪਿ੍ੰਸੀਪਲ ਡਾ. ਵਿਜੇ ਗਰੋਵਰ ਦੀ ਅਗਵਾਈ ਹੇਠ ਵਾਤਾਵਰਨ ਸੰਭਾਲ ਸਬੰਧੀ ਰਚਨਾਤਮਿਕ ਗਤੀਵਿਧੀਆਂ ਕਰਵਾਈਆਂ ਗਈਆਂ | ਐਨ.ਐੱਸ.ਐੱਸ. ਵਿਭਾਗ ਦੇ ਪ੍ਰੋਗਰਾਮ ਅਫ਼ਸਰ ਕੁਮਾਰੀ ਸ਼ੀਬਾ ਅਤੇ ਅਨਿਲ ਬਿਸ਼ਨੋਈ ਦੀ ਦੇਖ-ਰੇਖ ਹੇਠ ਹੋਏ ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨਾ ਸੀ | ਇਸ ਮੌਕੇ ਵਿਦਿਆਰਥੀਆਂ ਨੂੰ ਪਲਾਸਟਿਕ ਦੀਆਂ ਪੁਰਾਣੀਆਂ ਬੋਤਲਾਂ, ਡੱਬਿਆਂ ਅਤੇ ਹੋਰ ਵਿਅਰਥ ਸਾਮਾਨ ਦੀ ਮੁੜ ਵਰਤੋਂ ਕਰਕੇ ਉਪਯੋਗੀ ਵਸਤੂਆਂ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ | ਮੈਡਮ ਜਤਿੰਦਰ ਕੌਰ ਨੇ ਪਲਾਸਟਿਕ ਦੀਆਂ ਬੋਤਲਾਂ ਤੋਂ ਸੁੰਦਰ ਫੁੱਲਦਾਨ, ਪੈੱਨ ਸਟੈਂਡ ਅਤੇ ਸਜਾਵਟੀ ਸਾਮਾਨ ਬਣਾਉਣ ਦਾ ਪ੍ਰਦਰਸ਼ਨ ਕੀਤਾ, ਜਿਸ ਵਿਚ ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਦਿਖਾਇਆ | ਇਸ ਦੇ ਨਾਲ ਹੀ ਵਾਤਾਵਰਨ ਬਚਾਓ ਪਾਣੀ ਬਚਾਓ ਵਿਸ਼ੇ 'ਤੇ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ | ਵਿਦਿਆਰਥੀਆਂ ਨੇ ਪੋਸਟਰਾਂ ਅਤੇ ਨਾਅਰਿਆਂ ਰਾਹੀਂ ਪਾਣੀ ਦੀ ਬੱਚਤ ਅਤੇ ਸਫ਼ਾਈ ਦਾ ਸੁਨੇਹਾ ਦਿੱਤਾ | ਪਿ੍ੰਸੀਪਲ ਡਾ.ਵਿਜੇ ਗਰੋਵਰ ਨੇ ਕਿਹਾ ਕਿ ਕੁਦਰਤ ਦੀ ਰਾਖੀ ਹਰ ਨਾਗਰਿਕ ਦਾ ਫ਼ਰਜ਼ ਹੈ ਅਤੇ ਸਾਡੀਆਂ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਵੱਡੀ ਤਬਦੀਲੀ ਲਿਆ ਸਕਦੀਆਂ ਹਨ | ਅੰਤ ਵਿਚ ਐਨ.ਐੱਸ.ਐੱਸ.ਵਿਭਾਗ ਵਲੋਂ ਸਾਰਿਆਂ ਨੂੰ ਪਲਾਸਟਿਕ ਦੀ ਵਰਤੋਂ ਘਟਾਉਣ ਅਤੇ ਜਲ ਸੰਭਾਲ ਦੀ ਸਹੁੰ ਵੀ ਚੁਕਾਈ ਗਈ |