ਫ਼ਾਜ਼ਿਲਕਾ, 17 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸਿਵਲ ਸਰਜਨ ਦਫ਼ਤਰ ਫ਼ਾਜ਼ਿਲਕਾ ਵਿਖੇ ਸੀ.ਐੱਚ.ਸੀ. ਡੱਬਵਾਲਾ ਕਲਾਂ ਅਧੀਨ ਆਉਂਦੀਆਂ ਏ.ਐਨ.ਐਮਜ਼ ਦੀ ਇਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ | ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਿਹਤ ਅਧਿਕਾਰੀਆਂ ਨੇ ਹਦਾਇਤ ਕੀਤੀ ਕਿ ਉੱਚ ਜੋਖ਼ਮ ਵਾਲੀਆਂ ਗਰਭਵਤੀ ਮਹਿਲਾਵਾਂ ਅਤੇ ਜਣੇਪਾ ਪੂਰਵ ਦੇਖਭਾਲ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਅਜਿਹੇ ਕੇਸਾਂ ਦੀ ਸਮੇਂ ਸਿਰ ਪਛਾਣ ਕਰਨਾ ਅਤਿ ਜ਼ਰੂਰੀ ਹੈ ਤਾਂ ਜੋ ਜਣੇਪੇ ਦੌਰਾਨ ਹੋਣ ਵਾਲੀਆਂ ਪੇਚੀਦਗੀਆਂ ਨੂੰ ਘਟਾਇਆ ਜਾ ਸਕੇ | ਏ.ਐਨ.ਐਮਜ਼ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਆਪਣੇ ਖੇਤਰ ਦੀ ਹਰ ਗਰਭਵਤੀ ਮਹਿਲਾ ਦੀ ਨਿਯਮਤ ਜਾਂਚ ਯਕੀਨੀ ਬਣਾਉਣ | ਇਸ ਦੌਰਾਨ ਟੀਕਾਕਰਨ ਮੁਹਿੰਮ, ਮਾਤਾ ਅਤੇ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ, ਪੋਸ਼ਣ ਅਭਿਆਨ ਅਤੇ ਪਰਿਵਾਰ ਨਿਯੋਜਨ ਸੇਵਾਵਾਂ ਬਾਰੇ ਵੀ ਚਰਚਾ ਕੀਤੀ ਗਈ | ਅਧਿਕਾਰੀਆਂ ਨੇ ਰਿਕਾਰਡ ਮੈਨੇਜਮੈਂਟ ਅਤੇ ਡਾਟਾ ਨੂੰ ਸਮੇਂ ਸਿਰ ਆਨਲਾਈਨ ਅੱਪਡੇਟ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਸੇਵਾਵਾਂ ਦੀ ਪਾਰਦਰਸ਼ੀ ਨਿਗਰਾਨੀ ਹੋ ਸਕੇ | ਉਨ੍ਹਾਂ ਕਿਹਾ ਕਿ ਪਿੰਡ ਪੱਧਰ 'ਤੇ ਸਿਹਤ ਸੁਨੇਹਾ ਪਹੁੰਚਾਉਣ ਵਿਚ ਏ.ਐਨ.ਐਮਜ਼ ਦੀ ਭੂਮਿਕਾ ਅਹਿਮ ਹੈ | ਇਸ ਮੌਕੇ ਕਾਰਜਕਾਰੀ ਐੱਸ.ਐਮ.ਓ.ਡਾ.ਪੰਕਜ ਚੌਹਾਨ, ਡਾ.ਵਿਸ਼ਾਲ ਕੰਬੋਜ, ਵਿਨੋਦ ਖੁਰਾਨਾ, ਦਿਵੇਸ਼ ਕੁਮਾਰ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |