ਅਬੋਹਰ, 20 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਸਿੱਖਿਆ ਕਰਮਚਾਰੀ ਮਨੁੱਖੀ ਅਧਿਕਾਰ ਸੰਘ ਵਲੋਂ ਸਫ਼ਾਈ ਕਰਮਚਾਰੀ ਅਤੇ ਚੌਕੀਦਾਰਾਂ ਦੀਆਂ ਮੰਗਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਬੱਲੂਆਣਾ ਵਿਧਾਨ ਸਭਾ ਹਲਕੇ ਦੇ ਐਮ.ਐਲ ਏ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਦੇ ਮਾਰਫ਼ਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿੱਖਿਆ ਕਰਮਚਾਰੀ ਮਨੁੱਖੀ ਅਧਿਕਾਰ ਸੰਘ ਦੇ ਪ੍ਰਧਾਨ ਪਰਮਾਨੰਦ ਨੇ ਦੱਸਿਆ ਕਿ ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸਮਾਰਟ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਸਰਕਾਰੀ ਸਕੂਲਾਂ ਵਿਚ ਸਫ਼ਾਈ ਕਰਮਚਾਰੀ ਅਤੇ ਚੌਕੀਦਾਰਾਂ ਦੀ ਨਿਯੁਕਤੀ ਕੀਤੀ ਗਈ ਪਰ ਮਹਿੰਗਾਈ ਜ਼ਿਆਦਾ ਅਤੇ ਤਨਖ਼ਾਹ ਘੱਟ ਕਾਰਨ ਕੰਮ ਕਰ ਰਹੇ ਸਫ਼ਾਈ ਕਰਮਚਾਰੀ ਅਤੇ ਚੌਕੀਦਾਰਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਮਹਿੰਗਾਈ ਦੇ ਯੁੱਗ ਨੂੰ ਦੇਖਦੇ ਹੋਏ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ | ਜਿਸ ਕਾਰਨ ਸਫ਼ਾਈ ਕਰਮਚਾਰੀ ਅਤੇ ਚੌਕੀਦਾਰਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਕਿ ਇਸ ਇਸ ਯੋਜਨਾ ਦੇ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਨੂੰ ਮਿਨੀ-ਮਮ ਰੇਟ ਦਿੱਤਾ ਜਾਵੇ, ਕਰਮਚਾਰੀਆਂ ਦਾ ਮਿਹਨਤਾਨਾ ਕਰਮਚਾਰੀਆਂ ਦੇ ਸਿੱਧਾ ਖਾਤੇ ਵਿਚ ਪਾਇਆ ਜਾਵੇ, ਕਰਮਚਾਰੀਆਂ ਨੂੰ ਮੈਨੇਜਮੈਂਟ ਕਮੇਟੀ ਦੀ ਬਜਾਏ ਕਰਮਚਾਰੀਆਂ ਨੂੰ ਸਿੱਖਿਆ ਮਹਿਕਮੇ ਵਿਚ ਮਰਜ਼ ਕਰ ਦਿੱਤਾ ਜਾਵੇ, ਸਕੂਲ ਵਿਚ ਬੱਚੇ ਘੱਟ ਹੋਣ ਦੀ ਸੂਰਤ ਵਿਚ ਕਰਮਚਾਰੀਆਂ ਨੂੰ ਸਕੂਲਾਂ ਵਿਚੋਂ ਨਾ ਹਟਾਇਆ ਜਾਵੇ ਆਦਿ ਮੰਗਾਂ ਨੂੰ ਪੂਰੀ ਕਰਨ ਦੀ ਅਪੀਲ ਕੀਤੀ | ਇਸ ਦੌਰਾਨ ਐਮ.ਐਲ.ਏ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਸਫ਼ਾਈ ਕਰਮਚਾਰੀਆਂ ਅਤੇ ਚੌਕੀਦਾਰਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿਵਾਇਆ | ਇਸ ਮੌਕੇ ਸਿੱਖਿਆ ਕਰਮਚਾਰੀ ਮਨੁੱਖੀ ਅਧਿਕਾਰ ਸੰਘ ਪ੍ਰਧਾਨ ਪਰਮਾਨੰਦ, ਮੀਤ ਪ੍ਰਧਾਨ ਕੁਲਦੀਪ ਸਿੰਘ, ਸਕੱਤਰ ਲਖਵਿੰਦਰ ਸਿੰਘ, ਸੰਯੁਕਤ ਸਕੱਤਰ ਮਨਦੀਪ ਸਿੰਘ ਅਤੇ ਕੈਸ਼ੀਅਰ ਲਖਵੀਰ ਸਿੰਘ ਆਦਿ ਹਾਜ਼ਰ ਸਨ |