ਅਬੋਹਰ, 21 ਅਪ੍ਰੈਲ (ਵਿਵੇਕ ਹੂੜੀਆ)-ਸ਼੍ਰੀ ਗੁਰੂ ਜੰਭੇਸ਼ਵਰ ਡੀ.ਏ.ਵੀ.ਸਕੂਲ ਹਰੀਪੁਰਾ ਵਿਖੇ 'ਰਾਸ਼ਟਰੀ ਸਿਵਲ ਸੇਵਾ ਦਿਵਸ' ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਦੇਸ਼ ਦੇ ਉੱਘੇ ਪ੍ਰਸ਼ਾਸਕ, ਵਿਗਿਆਨੀ ਅਤੇ ਹਰੀ ਕ੍ਰਾਂਤੀ ਦੇ ਮੋਢੀ ਡਾ.ਮਹਿੰਦਰ ਸਿੰਘ ਰੰਧਾਵਾ ਦੇ ਜੀਵਨ ਅਤੇ ਸਮਾਜ ਪ੍ਰਤੀ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਨੂੰ ਯਾਦ ਕੀਤਾ ਗਿਆ | ਸਕੂਲ ਦੇ ਪਿ੍ੰਸੀਪਲ ਸੁਖਦੇਵ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਡਾ.ਰੰਧਾਵਾ ਇਕ ਕੁਸ਼ਲ ਆਈ.ਸੀ.ਐੱਸ.ਅਧਿਕਾਰੀ ਹੋਣ ਦੇ ਨਾਲ-ਨਾਲ ਕਲਾ ਅਤੇ ਸਾਹਿੱਤ ਦੇ ਬਹੁਤ ਵੱਡੇ ਪ੍ਰੇਮੀ ਸਨ | ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਦੇ ਪਹਿਲੇ ਮੁੱਖ ਕਮਿਸ਼ਨਰ ਵਜੋਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਸਥਾਪਨਾ ਵਿਚ ਉਨ੍ਹਾਂ ਦਾ ਅਹਿਮ ਰੋਲ ਰਿਹਾ ਹੈ | ਡਾ.ਰੰਧਾਵਾ ਨੇ ਚੰਡੀਗੜ੍ਹ ਨੂੰ ਹਰਿਆ-ਭਰਿਆ ਬਣਾਉਣ ਲਈ ਲੱਖਾਂ ਰੁੱਖ ਲਗਵਾਏ ਅਤੇ ਉਨ੍ਹਾਂ ਦਾ ਵੱਧ ਰੁੱਖ ਲਗਾਓ ਦਾ ਨਾਅਰਾ ਅੱਜ ਵੀ ਵਾਤਾਵਰਨ ਸੰਭਾਲ ਲਈ ਪ੍ਰੇਰਨਾਦਾਇਕ ਹੈ | ਪਿ੍ੰਸੀਪਲ ਨੇ ਦੱਸਿਆ ਕਿ ਮਸ਼ਹੂਰ ਗਾਇਕ ਸਤਿੰਦਰ ਸਰਤਾਜ ਵਲੋਂ ਵੀ ਡਾ.ਰੰਧਾਵਾ ਦੀ ਸਵੈ-ਜੀਵਨੀ 'ਆਪ ਬੀਤੀ' ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ, ਜੋ ਨੌਜਵਾਨਾਂ ਲਈ ਸਿੱਖਿਆਦਾਇਕ ਹੈ | ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਤੋਂ ਡਾ. ਰੰਧਾਵਾ ਦੇ ਜੀਵਨ ਨਾਲ ਸਬੰਧਿਤ ਸਵਾਲ ਪੁੱਛੇ ਗਏ, ਜਿਨ੍ਹਾਂ ਦੇ ਬੱਚਿਆਂ ਨੇ ਬੜੀ ਦਿਲਚਸਪੀ ਨਾਲ ਜਵਾਬ ਦਿੱਤੇ | ਪਿ੍ੰਸੀਪਲ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਡਾ.ਰੰਧਾਵਾ ਸਿਵਲ ਸੇਵਕਾਂ ਲਈ ਇੱਕ ਅਜਿਹਾ ਪ੍ਰੇਰਨਾ ਸਰੋਤ ਹਨ ਜਿਨ੍ਹਾਂ ਨੇ ਸਾਬਤ ਕੀਤਾ ਕਿ ਇੱਕ ਪ੍ਰਸ਼ਾਸਕ ਵਿਗਿਆਨ, ਕਲਾ ਅਤੇ ਲੋਕ ਸੇਵਾ ਨੂੰ ਇੱਕੋ ਸਮੇਂ ਬਾਖ਼ੂਬੀ ਨਿਭਾ ਸਕਦਾ ਹੈ | ਸਮਾਗਮ ਦੇ ਅੰਤ ਵਿਚ ਵਿਦਿਆਰਥੀਆਂ ਨੇ ਸਿਵਲ ਸੇਵਾਵਾਂ ਵਿਚ ਜਾ ਕੇ ਦੇਸ਼ ਦੀ ਸੇਵਾ ਕਰਨ ਦਾ ਪ੍ਰਣ ਲਿਆ | ਇਸ ਪੂਰੇ ਪ੍ਰੋਗਰਾਮ ਦਾ ਮੰਚ ਸੰਚਾਲਨ ਸਕੂਲ ਅਧਿਆਪਕ ਅਮਨਦੀਪ ਵਲੋਂ ਕੀਤਾ ਗਿਆ |