ਅਬੋਹਰ, 21 ਅਪ੍ਰੈਲ (ਵਿਵੇਕ ਹੂੜੀਆ)-ਰਾਜਸਥਾਨ ਵਿਚ ਪੰਜਾਬੀ ਸਾਹਿੱਤ ਦੇ ਪ੍ਰਚਾਰ ਅਤੇ ਪਸਾਰ ਨੂੰ ਸਮਰਪਿਤ 'ਪੈੜਾਂ' ਪੰਜਾਬੀ ਸਾਹਿੱਤਿਕ ਮੈਗਜ਼ੀਨ ਵਲੋਂ ਅੰਧ ਵਿਦਿਆਲਾ ਦੇ ਸੈਮੀਨਾਰ ਹਾਲ ਵਿਚ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਰਾਜਸਥਾਨ ਦੇ ਪੰਜਾਬੀ ਕਵੀਆਂ ਦੇ ਸਾਂਝੇ ਕਾਵਿ-ਸੰਗ੍ਰਹਿ 'ਕੱਕੀਆਂ ਪੈੜਾਂ' ਅਤੇ ਪੈੜਾਂ ਮੈਗਜ਼ੀਨ ਦੇ 'ਪ੍ਰਵਾਸ ਵਿਸ਼ੇਸ਼ ਅੰਕ' ਨੂੰ ਲੋਕ ਅਰਪਣ ਕੀਤਾ ਗਿਆ | ਸਮਾਗਮ ਦੀ ਪ੍ਰਧਾਨਗੀ ਕਰਦਿਆਂ ਮੁੱਖ ਮਹਿਮਾਨ ਡਾ. ਸੁਖਪਾਲ ਸਿੰਘ ਬਰਾੜ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਅਜਿਹੇ ਸਾਹਿੱਤਿਕ ਸਮਾਗਮ ਨਾ ਸਿਰਫ਼ ਭਾਸ਼ਾ ਨੂੰ ਪ੍ਰਫੁੱਲਿਤ ਕਰਦੇ ਹਨ, ਸਗੋਂ ਸਮਾਜ ਵਿਚ ਨਸ਼ਾ ਮੁਕਤੀ ਵਰਗੀਆਂ ਕੁਰੀਤੀਆਂ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨ ਵਿਚ ਵੀ ਸਹਾਈ ਹੁੰਦੇ ਹਨ | ਕਾਵਿ-ਸੰਗ੍ਰਹਿ ਦੇ ਸੰਪਾਦਕ ਡਾ.ਬਲਵਿੰਦਰ ਸਿੰਘ ਚਾਹਲ ਨੇ 'ਕੱਕੀਆਂ ਪੈੜਾਂ' ਨੂੰ ਪੰਜਾਬੀ ਸਾਹਿੱਤ ਜਗਤ ਲਈ ਇੱਕ ਮੀਲ ਪੱਥਰ ਕਰਾਰ ਦਿੱਤਾ | 'ਪੈੜਾਂ' ਪੱਤਿ੍ਕਾ ਦੇ ਸੰਪਾਦਕ ਰਾਜਿੰਦਰ ਸਿੰਘ ਸਹੂ ਨੇ ਦੱਸਿਆ ਕਿ ਮੈਗਜ਼ੀਨ ਦਾ ਨਵਾਂ ਅੰਕ ਦੁਨੀਆ ਭਰ ਦੇ ਪ੍ਰਵਾਸੀ ਪੰਜਾਬੀ ਲਿਖਾਰੀਆਂ ਦੀਆਂ ਰਚਨਾਵਾਂ ਨੂੰ ਪਾਠਕਾਂ ਦੇ ਰੂਬਰੂ ਕਰਵਾਉਂਦਾ ਹੈ | ਮੰਚ ਸੰਚਾਲਨ ਕਰਦਿਆਂ ਸਹਾਇਕ ਪ੍ਰੋਫੈਸਰ ਡਾ.ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਕਾਵਿ-ਸੰਗ੍ਰਹਿ ਵਿਚ ਰਾਜਸਥਾਨ ਦੇ 20 ਚੋਣਵੇਂ ਕਵੀਆਂ ਦੀਆਂ 94 ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ | ਕਵੀ ਦਰਬਾਰ ਦੌਰਾਨ ਬਲਵਿੰਦਰ ਸਿੰਘ ਚਾਹਲ, ਰਾਜਿੰਦਰ ਸਿੰਘ ਸਹੂ, ਸ਼ਮਿੰਦਰ ਕੌਰ, ਸਰਦੂਲ ਸਿੰਘ, ਲਫ਼ਜ਼ ਧਾਲੀਵਾਲ, ਪ੍ਰੀਤ ਨਵੇਂ ਵਾਲਾ ਅਤੇ ਹੋਰਨਾਂ ਨਾਮਵਰ ਕਵੀਆਂ ਨੇ ਮਾਂ, ਮਨੁੱਖੀ ਰਿਸ਼ਤਿਆਂ ਅਤੇ ਸਮਾਜਿਕ ਸਰੋਕਾਰਾਂ 'ਤੇ ਆਪਣੀਆਂ ਕਵਿਤਾਵਾਂ ਸੁਣਾ ਕੇ ਸਰੋਤਿਆਂ ਨੂੰ ਕੀਲ ਲਿਆ | ਸਮਾਗਮ ਦੇ ਅੰਤ ਵਿਚ ਬੀਕਾਨੇਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਕਨਵੀਨਰ ਸੰਦੀਪ ਸਿੰਘ ਮੁੰਡੇ ਨੇ ਸਭ ਦਾ ਧੰਨਵਾਦ ਕੀਤਾ | ਇਸ ਮੌਕੇ ਇਕਬਾਲ ਸਿੰਘ ਨੇ ਮਹਿਮਾਨਾਂ ਨੂੰ ਖ਼ੂਬਸੂਰਤ ਪੇਂਟਿੰਗਾਂ ਭੇਟ ਕਰਕੇ ਸਨਮਾਨਿਤ ਕੀਤਾ | ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਸਾਹਿੱਤ ਪ੍ਰੇਮੀ ਅਤੇ ਖੇਤਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |