ਅਬੋਹਰ, 23 ਅਪ੍ਰੈਲ(ਵਿਵੇਕ ਹੂੜੀਆ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਵਲੋਂ ਅੱਜ ਪਿੰਡ ਉਸਮਾਨ ਖੇੜਾ ਵਿਖੇ ਦੌਲਤਪੁਰਾ ਰਜਵਾਹਾ ਦੇ ਮੋਘਿਆਂ ਤੋਂ ਨਿਕਲਣ ਵਾਲੇ ਖਾਲ਼ਿਆਂ ਨੂੰ ਪੱਕਾ ਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਪਿੰਡ ਵਾਸੀਆਂ ਅਤੇ ਪੰਚਾਇਤ ਨੇ 'ਆਪ' ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਖਾਲ਼ਿਆਂ ਦੇ ਪੱਕੇ ਹੋਣ ਨਾਲ ਟੇਲਾਂ 'ਤੇ ਵਸੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਪੂਰੀ ਸਪਲਾਈ ਮਿਲ ਸਕੇਗੀ | ਇਸ ਪ੍ਰੋਗਰਾਮ ਦੌਰਾਨ ਪਿੰਡ ਦੇ ਸਾਬਕਾ ਸਰਪੰਚ ਬਲਦੇਵ ਸਿੰਘ ਆਪਣੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ | ਅਰੁਣ ਨਾਰੰਗ ਨੇ ਉਨ੍ਹਾਂ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਵਿਸ਼ਵਾਸ ਦਿਵਾਇਆ ਕਿ 'ਆਪ' ਸਰਕਾਰ ਕਿਸਾਨ ਹਿਤੈਸ਼ੀ ਹੈ ਅਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਜਾਖੜ ਪਰਿਵਾਰ ਦੇ ਪੁਰਾਣੇ ਸਮਰਥਕ ਰਹੇ 80 ਸਾਲਾ ਬਜ਼ੁਰਗ ਬਲਦੇਵ ਸਿੰਘ ਨੇ 'ਆਪ' ਸਰਕਾਰ ਦਾ ਸਮਰਥਨ ਕਰਦਿਆਂ ਕਿਹਾ ਕਿ ਉਹ ਸਾਰੀ ਉਮਰ ਜਾਖੜ ਪਰਿਵਾਰ ਨਾਲ ਜੁੜੇ ਰਹੇ ਪਰ ਉਨ੍ਹਾਂ ਦੇ ਪਿੰਡ ਦੀ ਪਾਣੀ ਦੀ ਸਮੱਸਿਆ ਕਦੇ ਹੱਲ ਨਹੀਂ ਹੋਈ | ਉਨ੍ਹਾਂ ਕਿਹਾ ਕਿ ਪੂਰਾ ਪਿੰਡ ਜਾਖੜਾਂ ਨੂੰ ਵੋਟਾਂ ਪਾਉਂਦਾ ਰਿਹਾ ਪਰ ਪਾਣੀ ਦੀ ਮੰਗ ਅਧੂਰੀ ਰਹੀ | ਹੁਣ ਮਾਨ ਸਰਕਾਰ ਦੇ ਕਾਰਜਕਾਲ ਵਿਚ ਖਾਲਿਆਂ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ ਹੋਣ ਨਾਲ ਉਨ੍ਹਾਂ ਨੂੰ ਨਹਿਰੀ ਪਾਣੀ ਮਿਲਣ ਦੀ ਉਮੀਦ ਜਾਗੀ ਹੈ | ਉਨ੍ਹਾਂ ਐਲਾਨ ਕੀਤਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਹੁਣ ਆਮ ਆਦਮੀ ਪਾਰਟੀ ਦਾ ਪੂਰਾ ਸਾਥ ਦੇਵੇਗਾ |