ਫ਼ਾਜ਼ਿਲਕਾ, 23 ਅਪ੍ਰੈਲ (ਦਵਿੰਦਰ ਪਾਲ ਸਿੰਘ)-ਗਰਮੀ ਦੇ ਮੌਸਮ ਦੀ ਆਮਦ ਨੂੰ ਦੇਖਦਿਆਂ ਸਿਹਤ ਵਿਭਾਗ ਵਲੋਂ ਮਲੇਰੀਆ ਦੇ ਬਚਾਅ ਲਈ ਸਰਵੇ ਅਤੇ ਜਾਗਰੂਕਤਾ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ | ਸਿਵਲ ਸਰਜਨ ਡਾ. ਕਵਿਤਾ ਸਿੰਘ ਅਤੇ ਜ਼ਿਲ੍ਹਾ ਮਹਾਂਮਾਰੀ ਅਫ਼ਸਰ ਡਾ. ਸੁਨੀਤਾ ਕੰਬੋਜ ਦੀਆਂ ਹਦਾਇਤਾਂ 'ਤੇ ਐੱਸ.ਐਮ.ਓ. ਡਾ. ਪੰਕਜ ਚੌਹਾਨ ਅਤੇ ਐੱਸ.ਆਈ. ਵਿਜੇ ਕੁਮਾਰ ਨਾਗਪਾਲ ਦੀ ਅਗਵਾਈ ਹੇਠ ਵਿਸ਼ੇਸ਼ ਮੁਹਿੰਮ ਚਲਾਈ ਗਈ | ਇਸ ਮੁਹਿੰਮ ਤਹਿਤ ਪਿੰਡ ਰਾਣਾ, ਰਾਣਾ ਦਾਣਾ ਮੰਡੀ ਅਤੇ ਬਾਲਾ ਜੀ ਰਾਈਸ ਮਿੱਲ ਵਿਖੇ ਕੰਮ ਕਰਦੇ ਮਜ਼ਦੂਰਾਂ ਨੂੰ ਇਕੱਠਾ ਕਰਕੇ ਮਲੇਰੀਆ ਦੇ ਲੱਛਣਾਂ ਅਤੇ ਬਚਾਅ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ | ਮਲਟੀਪਰਪਜ਼ ਹੈਲਥ ਵਰਕਰਾਂ, ਜਤਿੰਦਰ ਕੁਮਾਰ ਅਤੇ ਅਨੀਸ਼ ਕੁਮਾਰ ਨੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਸੁਚੇਤ ਕੀਤਾ ਕਿ ਕਿਸੇ ਵੀ ਤਰ੍ਹਾਂ ਦੇ ਬੁਖ਼ਾਰ ਨੂੰ ਹਲਕੇ ਵਿਚ ਨਾ ਲਿਆ ਜਾਵੇ ਕਿਉਂਕਿ ਇਹ ਮਲੇਰੀਆ ਹੋ ਸਕਦਾ ਹੈ | ਇਸ ਮੌਕੇ ਵੱਡੀ ਗਿਣਤੀ ਵਿਚ ਮਜ਼ਦੂਰਾਂ ਨੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਨਾ ਕਰਨ ਅਤੇ ਸਫ਼ਾਈ ਰੱਖਣ ਦਾ ਭਰੋਸਾ ਦਿੱਤਾ |