ਫ਼ਾਜ਼ਿਲਕਾ, 23 ਅਪ੍ਰੈਲ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਫ਼ਾਜ਼ਿਲਕਾ ਵਿਚ ਡੇਂਗੂ ਦੇ ਸੰਭਾਵੀ ਫੈਲਾਅ ਨੂੰ ਰੋਕਣ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ | ਸਿਵਲ ਸਰਜਨ ਡਾ.ਕਵਿਤਾ ਸਿੰਘ ਦੀਆਂ ਹਦਾਇਤਾਂ 'ਤੇ ਅਬੋਹਰ ਵਿਚ 2 ਅਤੇ ਫ਼ਾਜ਼ਿਲਕਾ ਵਿਚ 1 ਬਰੀਡਿੰਗ ਚੈੱਕਰ ਸਮੇਤ ਹੈਲਥ ਵਰਕਰਾਂ ਦੀਆਂ ਵਿਸ਼ੇਸ਼ ਟੀਮਾਂ ਮੈਦਾਨ ਵਿਚ ਉਤਾਰੀਆਂ ਗਈਆਂ ਹਨ | ਇਨ੍ਹਾਂ ਟੀਮਾਂ ਨੇ ਫ਼ਾਜ਼ਿਲਕਾ ਦੀ ਰਾਧਾ ਸੁਆਮੀ ਕਾਲੋਨੀ ਤੋਂ ਲਾਰਵਾ ਚੈਕਿੰਗ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ | ਸਿਹਤ ਕਰਮਚਾਰੀ ਘਰ-ਘਰ ਜਾ ਕੇ ਕੂਲਰਾਂ, ਪਾਣੀ ਦੀਆਂ ਟੈਂਕੀਆਂ, ਗਮਲਿਆਂ ਅਤੇ ਕਬਾੜ ਵਿਚ ਪਏ ਟਾਇਰਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ | ਮੁਹਿੰਮ ਦੌਰਾਨ ਜਿੱਥੇ ਵੀ ਮੱਛਰਾਂ ਦਾ ਲਾਰਵਾ ਮਿਲ ਰਿਹਾ ਹੈ, ਉਸ ਨੂੰ ਮੌਕੇ 'ਤੇ ਹੀ ਨਸ਼ਟ ਕੀਤਾ ਜਾ ਰਿਹਾ ਹੈ ਅਤੇ ਘਰ ਦੇ ਮਾਲਕਾਂ ਨੂੰ ਸਫ਼ਾਈ ਰੱਖਣ ਦੀ ਤਾਕੀਦ ਕੀਤੀ ਜਾ ਰਹੀ ਹੈ | ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਜ਼ਿਲ੍ਹਾ ਮਹਾਂਮਾਰੀ ਅਫ਼ਸਰ ਡਾ. ਸੁਨੀਤਾ ਕੰਬੋਜ ਅਤੇ ਹੋਰ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕਰਦਿਆਂ ਹਦਾਇਤ ਕੀਤੀ ਕਿ ਲਾਰਵਾ ਚੈਕਿੰਗ ਮੁਹਿੰਮ ਵਿਚ ਤੇਜ਼ੀ ਲਿਆਂਦੀ ਜਾਵੇ ਅਤੇ ਹਰ ਘਰ ਤੱਕ ਪਹੁੰਚ ਯਕੀਨੀ ਬਣਾਈ ਜਾਵੇ | ਬੁਖ਼ਾਰ, ਸਿਰ ਦਰਦ ਜਾਂ ਜੋੜਾਂ ਵਿਚ ਦਰਦ ਹੋਣ 'ਤੇ ਤੁਰੰਤ ਸਿਵਲ ਹਸਪਤਾਲ ਫ਼ਾਜ਼ਿਲਕਾ ਜਾਂ ਅਬੋਹਰ ਦੇ ਕਮਰਾ ਨੰਬਰ 21 ਵਿਚ ਸੰਪਰਕ ਕਰੋ, ਜਿੱਥੇ ਡੇਂਗੂ ਦਾ ਟੈੱਸਟ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਹਫ਼ਤੇ ਵਿਚ ਇਕ ਦਿਨ ਆਪਣੇ ਪਾਣੀ ਵਾਲੇ ਸਾਰੇ ਬਰਤਨ ਅਤੇ ਕੂਲਰ ਸੁਕਾ ਕੇ ਸਾਫ਼ ਕਰੋ | ਇਸ ਮੌਕੇ ਡੀ.ਪੀ.ਐਮ ਰਾਜੇਸ਼, ਮਾਸ ਮੀਡੀਆ ਬਰਾਂਚ ਤੋਂ ਮਨਬੀਰ ਸਿੰਘ, ਦਿਵੇਸ਼ ਕੁਮਾਰ, ਵਿਕੀ ਕੁਮਾਰ, ਮਨਜੋਤ ਅਤੇ ਸਵਰਨ ਸਿੰਘ ਸਮੇਤ ਹੋਰ ਸਟਾਫ਼ ਹਾਜ਼ਰ ਸੀ |