ਅਬੋਹਰ, 27 ਅਪ੍ਰੈਲ (ਵਿਵੇਕ ਹੂੜੀਆ)-ਅਬੋਹਰ ਦੇ ਨਵੀਂ ਆਬਾਦੀ ਖੇਤਰ ਵਿਚ ਬੀਤੀ ਰਾਤ ਚੋਰਾਂ ਨੇ ਇਕ ਸੁਨਿਆਰੇ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ | ਘਟਨਾ ਦੇ ਸਮੇਂ ਪਰਿਵਾਰ ਰਾਜਸਥਾਨ ਦੇ ਜੀਣ ਮਾਤਾ ਮੰਦਰ ਵਿਚ ਮੱਥਾ ਟੇਕਣ ਗਿਆ ਹੋਇਆ ਸੀ | ਨਵੀਂ ਆਬਾਦੀ ਗਲੀ ਨੰਬਰ 18 ਦੇ ਨਿਵਾਸੀ ਵਿਕਰਮ ਪੁੱਤਰ ਕਿ੍ਸ਼ਨ ਲਾਲ ਨੇ ਦੱਸਿਆ ਕਿ ਉਹ ਪਿੰਡ ਕੰਧਵਾਲਾ ਅਮਰਕੋਟ ਵਿਚ ਸੁਨਿਆਰੇ ਦੀ ਦੁਕਾਨ ਕਰਦਾ ਹੈ | ਜਦੋਂ ਉਹ ਅੱਜ ਦੁਪਹਿਰ ਕਰੀਬ ਢਾਈ ਵਜੇ ਪਰਿਵਾਰ ਸਮੇਤ ਵਾਪਸ ਆਇਆ ਤਾਂ ਦੇਖਿਆ ਕਿ ਘਰ ਦੇ ਮੇਨ ਗੇਟ ਦੇ ਤਾਲੇ ਟੁੱਟੇ ਹੋਏ ਸਨ ਅਤੇ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ | ਪੀੜਤ ਅਨੁਸਾਰ ਅਲਮਾਰੀ ਵਿਚੋਂ 8 ਗਰਾਮ ਸੋਨਾ, 300 ਗਰਾਮ ਚਾਂਦੀ ਅਤੇ 20 ਹਜ਼ਾਰ ਰੁਪਏ ਦੀ ਨਕਦੀ ਗ਼ਾਇਬ ਸੀ | ਪੀੜਤ ਪਰਿਵਾਰ ਨੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਗਹਿਰਾ ਰੋਸ ਜਤਾਉਂਦਿਆਂ ਕਿਹਾ ਕਿ ਲਾਈਨ ਪਾਰ ਖੇਤਰ ਵਿਚ ਗਸ਼ਤ ਨਾ ਹੋਣ ਕਾਰਨ ਚੋਰਾਂ ਵਿਚ ਪੁਲਿਸ ਦਾ ਕੋਈ ਖ਼ੌਫ਼ ਨਹੀਂ ਰਿਹਾ | ਉਨ੍ਹਾਂ ਕਿਹਾ ਕਿ ਘਟਨਾ ਦੀ ਸੂਚਨਾ 112 ਨੰਬਰ 'ਤੇ ਦੇਣ ਤੋਂ ਬਾਅਦ ਵੀ ਸਥਾਨਕ ਥਾਣਾ ਨੰਬਰ 2 ਦੀ ਪੁਲਿਸ ਕਾਫ਼ੀ ਦੇਰ ਤੱਕ ਮੌਕੇ 'ਤੇ ਨਹੀਂ ਪਹੁੰਚੀ | ਮੌਕੇ 'ਤੇ ਪਹੁੰਚੇ ਏ.ਐੱਸ.ਆਈ. ਪ੍ਰਾਣਨਾਥ ਅਤੇ ਪ੍ਰਦੀਪ ਕੁਮਾਰ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ | ਮੁਹੱਲਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਇਲਾਕੇ ਵਿਚ ਗਸ਼ਤ ਵਧਾਈ ਜਾਵੇ ਅਤੇ ਚੋਰਾਂ ਨੂੰ ਜਲਦ ਗਿ੍ਫ਼ਤਾਰ ਕੀਤਾ ਜਾਵੇ |