ਫ਼ਾਜ਼ਿਲਕਾ, 2 ਮਈ (ਦਵਿੰਦਰ ਪਾਲ ਸਿੰਘ)-ਕਣਕ ਦੀ ਲਿਫ਼ਟਿੰਗ ਨੂੰ ਲੈ ਕੇ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਮਾੜੇ ਪ੍ਰਬੰਧਾਂ ਦੀਆਂ ਪੋਲਾਂ ਨਿੱਤ ਕਿਸੇ ਨਾ ਕਿਸੇ ਪਾਸਿਓਾ ਖੁੱਲ੍ਹ ਰਹੀਆਂ ਹਨ | ਫ਼ਾਜ਼ਿਲਕਾ ਇਲਾਕੇ ਅੰਦਰ ਮੰਡੀਆਂ ਵਿਚ ਲੱਗੇ ਕਣਕ ਦੇ ਅੰਬਾਰ ਸਰਕਾਰ ਅਤੇ ਪ੍ਰਸ਼ਾਸਨ ਦੀ ਮਾੜੀ ਕਾਰਗੁਜ਼ਾਰੀ ਨੂੰ ਦਰਸਾਉਂਦੇ ਹਨ | ਹੁਣ ਇਸੇ ਤਰ੍ਹਾਂ ਜਲਾਲਾਬਾਦ ਦੀ ਨੇੜਲੀ ਮੰਡੀ ਜੈਮਲਵਾਲਾ ਵਿਖੇ ਲਿਫ਼ਟਿੰਗ ਨਾ ਹੋਣ ਕਰਕੇ ਆੜ੍ਹਤੀ ਵਰਗ ਭਾਰੀ ਪ੍ਰੇਸ਼ਾਨੀ ਵਿਚ ਹੈ | ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਜ਼ਿਲ੍ਹਾ ਅਕਾਲੀ ਜਥਾ ਫ਼ਾਜ਼ਿਲਕਾ ਦੇ ਦਿਹਾਤੀ ਦੇ ਸਾਬਕਾ ਪ੍ਰਧਾਨ ਜਗਸੀਰ ਸਿੰਘ ਬੱਬੂ ਜੈਮਲ ਵਾਲਾ ਨੇ ਲਿਫ਼ਟਿੰਗ ਦੀ ਮਾੜੀ ਹਾਲਤ 'ਤੇ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੀ ਮਾੜੀ ਕਾਰਗੁਜ਼ਾਰੀ 'ਤੇ ਭਾਰੀ ਚਿੰਤਾ ਪ੍ਰਗਟ ਕੀਤੀ ਹੈ | ਅਕਾਲੀ ਆਗੂ ਬੱਬੂ ਜੈਮਲਵਾਲਾ ਨੇ ਦੋਸ਼ ਲਗਾਇਆ ਕਿ ਪਿੰਡ ਜੈਮਲਵਾਲਾ ਅੰਦਰ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ 2 ਲੱਖ ਦੇ ਕਰੀਬ ਗੱਟੇ ਦੀ ਖ਼ਰੀਦ ਕੀਤੀ ਗਈ ਸੀ | ਜਦ ਕਿ ਸਿਰਫ਼ 32 ਹਜ਼ਾਰ ਗੱਟੇ ਦੀ ਚੁਕਾਈ ਹੋਈ ਹੈ | ਉਨ੍ਹਾਂ ਕਿਹਾ ਕਿ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਕਣਕ ਦੀ ਚੁਕਾਈ ਨਹੀਂ ਕੀਤੀ ਜਾ ਰਹੀ | ਉਨ੍ਹਾਂ ਕਿਹਾ ਕਿ ਮਹੀਨੇ ਤੋਂ ਵੱਧ ਸਮਾਂ ਹੋ ਚੱਲਿਆ ਹੈ ਕਣਕ ਦੇ ਗੱਟਿਆਂ ਨੂੰ ਭਰਿਆਂ | ਉਨ੍ਹਾਂ ਕਿਹਾ ਕਿ ਕਣਕ ਦੇ ਤੋਲ ਵਿਚ ਕਮੀ ਆਉਣਾ ਸੁਭਾਵਿਕ ਹੈ | ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਹਾ ਕਿ ਤੋਲ ਵਿਚ ਕਮੀ ਦੀ ਜ਼ਿੰਮੇਵਾਰੀ ਠੇਕੇਦਾਰ ਦੀ ਹੋਵੇਗੀ |