ਅਬੋਹਰ, 2 ਮਈ (ਵਿਵੇਕ ਹੂੜੀਆ)-ਜ਼ਿਲ੍ਹਾ ਫ਼ਾਜ਼ਿਲਕਾ ਪੁਲਿਸ ਵਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ | ਥਾਣਾ ਅਬੋਹਰ ਵਿਖੇ ਦਰਜ ਮਾਮਲੇ ਅਨੁਸਾਰ ਪੁਲਿਸ ਨੇ ਮੁਲਜ਼ਮ ਪਾਸੋਂ 1.32 ਗਰਾਮ ਹੈਰੋਇਨ ਬਰਾਮਦ ਕੀਤੀ ਹੈ | ਮਿਲੀ ਜਾਣਕਾਰੀ ਅਨੁਸਾਰ ਐੱਚ.ਸੀ. ਓਮ ਪ੍ਰਕਾਸ਼ ਸਮੇਤ ਪੁਲਿਸ ਪਾਰਟੀ ਰਾਏਪੁਰਾ ਇਲਾਕੇ ਵਿਚ ਗਸ਼ਤ ਕਰ ਰਹੇ ਸਨ | ਜਦੋਂ ਪੁਲਿਸ ਪਾਰਟੀ ਰਾਏਪੁਰਾ ਨਹਿਰ ਦੇ ਨੇੜੇ ਪਹੁੰਚੀ ਤਾਂ ਉੱਥੇ ਮੌਜੂਦ ਉਕਤ ਨੌਜਵਾਨ ਨੇ ਪੁਲਿਸ ਨੂੰ ਦੇਖ ਕੇ ਆਪਣੀ ਜੇਬ ਵਿਚੋਂ ਕੋਈ ਵਸਤੂ ਹੇਠਾਂ ਸੁੱਟ ਦਿੱਤੀ | ਸ਼ੱਕ ਦੇ ਆਧਾਰ 'ਤੇ ਜਦੋਂ ਪੁਲਿਸ ਵਲੋਂ ਸੁੱਟੀ ਗਈ ਵਸਤੂ ਦੀ ਜਾਂਚ ਕੀਤੀ ਗਈ ਤਾਂ ਉਸ ਵਿਚੋਂ 1.32 ਗਰਾਮ ਹੈਰੋਇਨ ਬਰਾਮਦ ਹੋਈ | ਗਿ੍ਫ਼ਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਤਰਸੇਮ ਸਿੰਘ ਉਰਫ਼ ਸੇਮਾ ਪੁੱਤਰ ਸੁਖਵਿੰਦਰ ਸਿੰਘ ਵਾਸੀ ਬਹਾਦਰ ਖੇੜਾ ਵਜੋਂ ਹੋਈ ਹੈ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |