ਅਬੋਹਰ, 2 ਮਈ (ਤੇਜਿੰਦਰ ਸਿੰਘ ਖ਼ਾਲਸਾ)-ਬੀਤੇ ਦਿਨੀਂ ਸਾਹਿੱਤ ਸਿਰਜਣਾ ਮੰਚ ਦੇ ਸਹਿਯੋਗ ਨਾਲ ਪਾਠਕ ਮੰਚ ਸ਼ਬਦ ਸੰਗਤ ਵਲੋਂ 6ਵੇਂ ਸਮਾਗਮ ਤਹਿਤ ਗੁਰਤੇਜ ਕੋਹਾਰਵਾਲਾ ਦੀ ਕਾਵਿ-ਪੁਸਤਕ ''ਪਾਣੀ ਦਾ ਹਾਸ਼ੀਆ'' ਉੱਪਰ ਵਿਚਾਰ ਚਰਚਾ ਦਾ ਆਯੋਜਨ ਟੀਚਰਜ਼ ਹੋਮ ਅਬੋਹਰ ਵਿਖੇ ਕੀਤਾ ਗਿਆ | ਜਿਸ ਵਿਚ ਸਿਮਰਜੀਤ ਸਿੰਮੀ ਬਰਾੜ, ਗੌਰਵ ਸ਼ਰਮਾ, ਵਤਨ ਸਿੰਘ, ਹਰਮੀਤ ਸਿੰਘ, ਰਵਿੰਦਰ ਸਿੰਘ ਗਿੱਲ ਨੇ ਕਵੀ ਦੇ ਗ਼ਜ਼ਲ ਵਿਧਾਨ ਬਾਰੇ ਵੱਖ-ਵੱਖ ਪੱਖਾਂ ਨੂੰ ਉਜਾਗਰ ਕੀਤਾ | ਇਸ ਉਪਰੰਤ ਮਹਿਮਾਨ ਕਵੀ ਦੇ ਜੀਵਨ ਵੇਰਵਿਆਂ ਬਾਬਤ ਡਾ.ਗੁਰਰਾਜ ਸਿੰਘ ਚਹਿਲ ਨੇ ਵਿਚਾਰ ਰੱਖੇ | ਸ਼ਾਇਰ ਗੁਰਤੇਜ ਕੋਹਾਰਵਾਲਾ ਨੇ ਗ਼ਜ਼ਲ ਸਿਰਜਣਾ ਬਾਰੇ ਵਿਸਥਾਰਪੂਰਵਕ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਕੁੱਝ ਗ਼ਜ਼ਲਾਂ ਦੇ ਸ਼ੇਅਰ ਵੀ ਸਾਂਝੇ ਕੀਤੇ | ਪ੍ਰਧਾਨਗੀ ਮੰਡਲ ਵਿਚ ਸ਼ਾਮਲ ਰਾਜਿੰਦਰ ਮਾਜ਼ੀ ਅਤੇ ਸੰਜੀਵ ਕੁਮਾਰ ਨੇ ਮੰਚ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਡਾ.ਇਕਬਾਲ ਸਿੰਘ ਗੋਦਾਰਾ ਨੇ ਪ੍ਰਧਾਨਗੀ ਟਿੱਪਣੀ ਦਿੰਦਿਆਂ ਕਿਹਾ ਕਿ ਕਵਿਤਾ ਸਮਾਜ ਨੂੰ ਚੇਤਨ ਕਰਨ ਦੀ ਸਸ਼ਕਤ ਵਿਧੀ ਹੈ | ਸੂਤਰਧਾਰ ਡਾ.ਚੰਦਰ ਪ੍ਰਕਾਸ਼ ਨੇ ਭਾਵਪੂਰਤ ਟਿੱਪਣੀਆਂ ਅਤੇ ਸ਼ਾਇਰ ਦੇ ਸ਼ੇਅਰਾਂ ਦੇ ਹਵਾਲੇ ਨਾਲ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ | ਇਸ ਮੌਕੇ ਜਨ ਦਸਤਕ ਦੇ ਸੰਪਾਦਕ ਰਾਜਿੰਦਰ ਮਾਜ਼ੀ ਅਤੇ ਉਪ ਸੰਪਾਦਕ ਭੁਪਿੰਦਰ ਉਤਰੇਜਾ ਨੇ ਨਵੇਂ ਅੰਕ ਨੂੰ ਰਿਲੀਜ਼ ਕਰਵਾਇਆ | ਮੰਚ ਵਲੋਂ ਗੁਰਤੇਜ ਕੋਹਾਰਵਾਲਾ ਦਾ ਸਨਮਾਨ ਕੀਤਾ ਗਿਆ | ਸਰੋਤਿਆਂ ਵਿਚ ਰਾਜਸਥਾਨ ਤੋਂ ਪਿ੍ੰਸੀਪਲ ਹਰਮੀਤ ਸਿੰਘ ਘੁੜਿਆਣਾ ਉਚੇਚੇ ਤੌਰ 'ਤੇ ਪਹੁੰਚੇ | ਪ੍ਰੋ.ਓਾਕਾਰ ਸਿੰਘ, ਵਿਅੰਗਕਾਰ ਹਰਦੀਪ ਢਿੱਲੋਂ, ਸਤਨਾਮ ਸਿੰਘ ਅਬੋਹਰ, ਕਰਮਜੀਤ ਕੌਰ ਕਰਮ, ਵਜ਼ੀਰ ਚੰਦ, ਪਿ੍ੰਸੀਪਲ ਰਾਜ ਕੁਮਾਰ, ਮਨਜੀਤ ਉਭੀ, ਪ੍ਰੋ.ਕਮਲੇਸ਼, ਸੁਰਿੰਦਰ ਪਾਲ ਸਿੰਘ, ਰਾਜ ਬਖ਼ਸ਼, ਜਗਦੀਪ ਸਿੰਘ ਮਠਾੜੂ ਆਦਿ ਹਾਜ਼ਰ ਰਹੇ | ਸਮਾਗਮ ਨੂੰ ਸਫਲ ਬਣਾਉਣ ਵਿਚ ਵਿਜੈਅੰਤ ਜੁਨੇਜਾ, ਡਾ.ਮਨਿੰਦਰ ਵਿਰਕ, ਸੰਜੀਵ ਗਿਲਹੋਤਰਾ, ਹਨੀ ਉਤਰੇਜਾ, ਕਸ਼ਮੀਰ ਲੂਣਾ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ |