ਜਲਾਲਾਬਾਦ, 4 ਮਈ (ਕਰਨ ਚੁਚਰਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਓ.ਬੀ.ਸੀ. ਵਿਭਾਗ ਦੇ ਚੇਅਰਮੈਨ ਰਾਜ ਬਖ਼ਸ਼ ਕੰਬੋਜ ਨੇ ਕੇਂਦਰ ਸਰਕਾਰ ਵਲੋਂ ਕਰਵਾਈ ਜਾ ਰਹੀ 2027 ਦੀ ਜਨਗਣਨਾ ਵਿਚ ਪਛੜੀਆਂ ਸ਼੍ਰੇਣੀਆਂ ਦੇ ਕਾਲਮ ਨੂੰ ਸ਼ਾਮਿਲ ਨਾ ਕਰਨ 'ਤੇ ਗਹਿਰੀ ਚਿੰਤਾ ਅਤੇ ਰੋਸ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਇਸ ਨੂੰ ਪਛੜੀਆਂ ਸ਼੍ਰੇਣੀਆਂ ਦੇ ਭਾਈਚਾਰੇ ਨਾਲ ਇਕ ਵੱਡਾ ਵਿਸ਼ਵਾਸਘਾਤ ਅਤੇ ਧੋਖਾ ਕਰਾਰ ਦਿੱਤਾ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਬਖ਼ਸ਼ ਕੰਬੋਜ ਨੇ ਕਿਹਾ ਕਿ ਜਾਤੀ ਆਧਾਰਿਤ ਜਨਗਣਨਾ ਕਰਵਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ | ਉਨ੍ਹਾਂ ਕਿਹਾ ਕਿ ਜੇਕਰ ਜਾਤੀ ਆਧਾਰਿਤ ਜਨਗਣਨਾ ਹੁੰਦੀ ਹੈ ਤਾਂ ਵੱਖ-ਵੱਖ ਵਰਗਾਂ ਦੀ ਅਸਲ ਸਮਾਜਿਕ, ਆਰਥਿਕ ਅਤੇ ਵਿੱਦਿਅਕ ਸਥਿਤੀ ਦੇ ਅੰਕੜੇ ਸਾਹਮਣੇ ਆਉਣਗੇ, ਜਿਸ ਨਾਲ ਸਰਕਾਰੀ ਨੀਤੀਆਂ ਬਣਾਉਣ ਵਿਚ ਆਸਾਨੀ ਹੋਵੇਗੀ | ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਇਸ ਗੱਲ ਤੋਂ ਡਰੀ ਹੋਈ ਹੈ ਕਿ ਜੇਕਰ ਪਛੜੀਆਂ ਸ਼੍ਰੇਣੀਆਂ ਨੂੰ ਆਪਣੀ ਅਸਲ ਆਬਾਦੀ ਦਾ ਪਤਾ ਲੱਗ ਗਿਆ ਤਾਂ ਉਹ ਆਪਣੇ ਹੱਕਾਂ ਪ੍ਰਤੀ ਹੋਰ ਵਧੇਰੇ ਜਾਗਰੂਕ ਹੋ ਜਾਣਗੇ | ਰਾਜ ਬਖ਼ਸ਼ ਕੰਬੋਜ ਨੇ ਅੱਗੇ ਕਿਹਾ ਕਿ ਜਨਗਣਨਾ ਦੇ ਫਾਰਮ ਵਿਚੋਂ ਪਛੜੀਆਂ ਸ਼੍ਰੇਣੀਆਂ ਦਾ ਕਾਲਮ ਗ਼ਾਇਬ ਕਰਨਾ ਸਰਕਾਰ ਦੀ ਮਾੜੀ ਨੀਅਤ ਨੂੰ ਦਰਸਾਉਂਦਾ ਹੈ | ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਕਾਲਮ ਨੂੰ ਤੁਰੰਤ ਸ਼ਾਮਿਲ ਕੀਤਾ ਜਾਵੇ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਭਾਈਚਾਰੇ ਦੀ ਇਸ ਜਾਇਜ਼ ਮੰਗ ਵੱਲ ਧਿਆਨ ਨਾ ਦਿੱਤਾ, ਤਾਂ ਪਛੜੀ ਸ਼੍ਰੇਣੀ ਦੇ ਲੋਕ ਸੜਕਾਂ 'ਤੇ ਉਤਰ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ |