ਫ਼ਾਜ਼ਿਲਕਾ, 5 ਮਈ (ਦਵਿੰਦਰ ਪਾਲ ਸਿੰਘ)-ਖੇਡਾਂ ਦੇ ਖੇਤਰ 'ਚ ਜੀ.ਏ.ਵੀ.ਜੈਨ ਆਦਰਸ਼ ਵਿਦਿਆਲਿਆ ਫ਼ਾਜ਼ਿਲਕਾ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ | ਆਈ.ਸੀ.ਐਸ.ਈ ਸਕੂਲ ਗੇਮਜ਼ ਦੇ ਤਹਿਤ ਆਯੋਜਿਤ ਜ਼ੋਨਲ ਪੱਧਰੀ ਕਬੱਡੀ ਪ੍ਰਤੀਯੋਗਤਾ 'ਚ ਸਕੂਲ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ ਹੈ | ਇਸ ਪ੍ਰਾਪਤੀ ਨਾਲ ਨਾ ਸਿਰਫ਼ ਸਕੂਲ ਸਗੋਂ ਪੂਰੇ ਫ਼ਾਜ਼ਿਲਕਾ ਇਲਾਕੇ 'ਚ ਖ਼ੁਸ਼ੀ ਦੀ ਲਹਿਰ ਹੈ | ਵਾਈਸ ਪਿ੍ੰਸੀਪਲ ਸ਼ੀਨਮ ਧੂੜੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪ੍ਰਤੀਯੋਗਤਾ ਸ੍ਰੀ ਮੁਕਤਸਰ ਸਾਹਿਬ ਸਥਿਤ ਸੰਤ ਬਾਬਾ ਗੁਰਮੁਖ ਸਿੰਘ ਇੰਟਰਨੈਸ਼ਨਲ ਸਕੂਲ ਵਿਚ ਕਰਵਾਈ ਗਈ ਸੀ | ਮੁਕਾਬਲੇ ਦੌਰਾਨ ਫ਼ਾਜ਼ਿਲਕਾ ਦੀ ਟੀਮ ਨੇ ਬਿਹਤਰੀਨ ਤਾਲਮੇਲ ਅਤੇ ਸਰੀਰਕ ਹੁਨਰ ਦਾ ਪ੍ਰਦਰਸ਼ਨ ਕੀਤਾ | ਮੈਦਾਨ ਵਿਚ ਉੱਤਰਦਿਆਂ ਹੀ ਖਿਡਾਰੀਆਂ ਨੇ ਆਪਣੇ ਫੁਰਤੀਲੇ ਦਾਅ-ਪੇਚਾਂ ਨਾਲ ਵਿਰੋਧੀ ਟੀਮਾਂ ਨੂੰ ਕਰੜੀ ਚੁਣੌਤੀ ਦਿੱਤੀ | ਸਖ਼ਤ ਮੁਕਾਬਲਿਆਂ ਤੋਂ ਬਾਅਦ ਟੀਮ ਨੇ ਜ਼ੋਨਲ ਪੱਧਰ 'ਤੇ ਤੀਜਾ ਸਥਾਨ ਸੁਰੱਖਿਅਤ ਕਰਕੇ ਮੈਡਲ ਆਪਣੇ ਨਾਮ ਕੀਤਾ | ਇਸ ਗੌਰਵਮਈ ਪ੍ਰਾਪਤੀ ਨੂੰ ਹਾਸਲ ਕਰਨ ਵਾਲੀ ਟੀਮ ਵਿਚ ਗਗਨਜੋਤ ਕੌਰ, ਰਵਨੂਰ, ਜੈਨਬੀ, ਸੀਰਤ, ਗੁਰਵੀਰ ਕੌਰ, ਜੰਨਤ ਕੰਬੋਜ, ਸਮੈਯਾ, ਅਮਾਨਤ ਕੰਬੋਜ, ਹਰਸਿਮਰਨ ਕੌਰ, ਸੀਰਤ ਕੰਬੋਜ, ਆਰਿਫ਼ ਅਤੇ ਗੁਰਨੂਰ ਕੌਰ ਸ਼ਾਮਿਲ ਸਨ | ਜੇਤੂ ਟੀਮ ਦੇ ਸਕੂਲ ਪਹੁੰਚਣ 'ਤੇ ਪ੍ਰਬੰਧਕੀ ਕਮੇਟੀ ਅਤੇ ਸਟਾਫ਼ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਅਨਿਲ ਜੈਨ, ਪਿ੍ੰਸੀਪਲ ਨਰੇਸ਼ ਸਪੜਾ ਅਤੇ ਵਾਈਸ ਪਿ੍ੰਸੀਪਲ ਸ਼ੀਨਮ ਧੂੜੀਆ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ | ਚੇਅਰਮੈਨ ਅਨਿਲ ਜੈਨ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਅੱਵਲ ਰਹਿਣਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਜ਼ਰੂਰੀ ਹੈ | ਪਿ੍ੰਸੀਪਲ ਨਰੇਸ਼ ਸਪੜਾ ਨੇ ਖਿਡਾਰੀਆਂ ਦੀ ਮਿਹਨਤ ਅਤੇ ਕੋਚ ਦੇ ਮਾਰਗਦਰਸ਼ਨ ਦੀ ਸ਼ਲਾਘਾ ਕੀਤੀ |