ਡੇਰਾ ਬਾਬਾ ਨਾਨਕ, 5 ਮਈ (ਹੀਰਾ ਸਿੰਘ ਮਾਂਗਟ)-ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਠੇਠਰਕੇ ਵਿਖੇ ਅੱਜ ਸ਼ਾਮ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਅਮਨ ਮੈਡੀਕਲ ਕਲੀਨਿਕ 'ਤੇ ਗੋਲੀ ਚਲਾ ਦਿੱਤੀ, ਪਰ ਮੈਡੀਕਲ ਕਲੀਨਿਕ ਦਾ ਮਾਲਕ ਅਮਨਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਧਰਮਕੋਟ ਜੋ ਦੁਕਾਨ 'ਤੇ ਮੌਜੂਦ ਸੀ, ਵਾਲ-ਵਾਲ ਬਚ ਗਿਆ ਹੈ | ਭਾਵੇਂਕਿ ਇਸ ਗੋਲੀ ਚੱਲਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਜ਼ਰੂਰ ਪਾਇਆ ਜਾ ਰਿਹਾ ਹੈ | ਮੌਕੇ 'ਤੇ ਮੌਜੂਦ ਚਸ਼ਮਦੀਦ ਲੋਕਾਂ ਨੇ ਦੱਸਿਆ ਕਿ ਅੱਜ ਸ਼ਾਮ ਨੂੰ ਜਦ ਅਮਨਪ੍ਰੀਤ ਸਿੰਘ ਆਪਣੀ ਦੁਕਾਨ 'ਤੇ ਬੈਠਾ ਸੀ ਤਾਂ ਕੁਝ ਅਣਪਛਾਤੇ ਲੋਕਾਂ ਵਲੋਂ ਉਸ ਦੀ ਦੁਕਾਨ 'ਤੇ ਗੋਲੀ ਚਲਾ ਦਿੱਤੀ | ਉਨ੍ਹਾਂ ਦੱਸਿਆ ਕਿ ਅਮਰਪ੍ਰੀਤ ਸਿੰਘ ਤੁਰੰਤ ਹੁਸ਼ਿਆਰੀ ਵਰਤਦਾ ਹੋਇਆ ਹੇਠਾਂ ਬੈਠ ਗਿਆ, ਜਿਸ ਕਾਰਨ ਉਹ ਵਾਲ-ਵਾਲ ਗਿਆ ਹੈ | ਭਾਵੇਂ ਕਿ ਅਮਨਪ੍ਰੀਤ ਸਿੰਘ ਨੇ ਡਰ ਦਾ ਮਾਹੌਲ ਕਾਰਨ ਮੀਡੀਆ ਤੋਂ ਦੂਰੀ ਬਣਾਈ ਰੱਖੀ ਹੈ, ਪਰ ਦੱਸਿਆ ਜਾ ਰਿਹਾ ਕਿ ਉਕਤ ਅਮਨ ਮੈਡੀਕਲ ਕਲੀਨਕ ਦੇ ਮਾਲਕ ਨੂੰ ਕੁਝ ਦਿਨ ਪਹਿਲਾਂ ਹੀ ਫਰੋਤੀ ਦੀ ਕਾਲ ਆਈ ਸੀ | ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਡੇਰਾ ਬਾਬਾ ਨਾਨਕ ਪੁਲਿਸ ਦੇ ਡੀਐਸਪੀ ਜੋਗਾ ਸਿੰਘ ਤੇ ਐਸਐਚਓ ਅਸੋਕ ਕੁਮਾਰ ਵਲੋਂ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਐਸਐਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਗੋਲੀ ਚਲਾਉਣ ਵਾਲੇ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰਨਾ ਜਾਵੇਗਾ |