ਅਬੋਹਰ, 6 ਮਈ (ਤੇਜਿੰਦਰ ਸਿੰਘ ਖ਼ਾਲਸਾ)-ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਤਹਿਸੀਲ ਅਬੋਹਰ ਦਾ ਵਫ਼ਦ ਪ੍ਰਧਾਨ ਰੇਸ਼ਮ ਲਾਲ ਰੰਗੀਲਾ ਦੀ ਪ੍ਰਧਾਨਗੀ ਹੇਠ ਸਟੇਟ ਬੈਂਕ ਆਫ਼ ਇੰਡੀਆ ਅਬੋਹਰ ਦੇ ਮੈਨੇਜਰ ਨੂੰ ਡੈਪੂਟੇਸ਼ਨ 'ਤੇ ਮਿਲਣ ਗਏ ਪਰ ਮੈਨੇਜਰ ਛੁੱਟੀ 'ਤੇ ਹੋਣ ਕਰਕੇ ਵਫ਼ਦ ਨੇ ਡੀਲਿੰਗ ਸਟਾਫ਼ ਨਾਲ ਮੁਲਾਕਾਤ ਕੀਤੀ | ਮੁਲਾਕਾਤ ਦੌਰਾਨ ਜਾਣਕਾਰੀ ਦਿੰਦੇ ਹੋਏ ਡੀਲਿੰਗ ਸਟਾਫ਼ ਨੇ ਦੱਸਿਆ ਕਿ ਅੱਜ ਪੈਨਸ਼ਨ ਖਾਤਿਆਂ ਵਿਚ ਜਮ੍ਹਾ ਹੋਣ ਦੀ ਸੰਭਾਵਨਾ ਹੈ | ਇਸ ਦੌਰਾਨ ਪੈੱ੍ਰਸ ਨੂੰ ਬਿਆਨ ਜਾਰੀ ਕਰਦਿਆਂ ਪ੍ਰਧਾਨ ਰੇਸ਼ਮ ਲਾਲ ਰੰਗੀਲਾ ਅਤੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਨੇ ਦੱਸਿਆ ਕਿ ਪੈਨਸ਼ਨ ਹਰ ਮਹੀਨੇ ਦੀ ਪਹਿਲੀ ਤਾਰੀਖ਼ ਜਾਂ ਪਹਿਲੇ ਕੰਮ ਵਾਲੇ ਦਿਨ ਜਮ੍ਹਾ ਹੋ ਜਾਂਦੀ ਸੀ ਪਰ ਅੱਜ 6 ਤਾਰੀਖ਼ ਹੋਣ ਦੇ ਬਾਵਜੂਦ ਅਜੇ ਤੱਕ ਪੈਨਸ਼ਨ ਪੈਨਸ਼ਨਰਾਂ ਦੇ ਖਾਤਿਆਂ ਵਿਚ ਜਮ੍ਹਾ ਨਹੀਂ ਕੀਤੀ ਗਈ | ਜਿਸ ਦੇ ਕਾਰਨ ਪੈਨਸ਼ਨਰਾਂ ਵਿਚ ਕਾਫ਼ੀ ਰੋਸ ਪਾਇਆ ਗਿਆ | ਉਨ੍ਹਾਂ ਕਿਹਾ ਕਿ ਪੈਨਸ਼ਨਰ ਬਜ਼ੁਰਗ ਹੋਣ ਕਰਕੇ ਉਹ ਆਪਣੇ ਮਹੀਨੇ ਦੀ ਪੈਨਸ਼ਨ ਦੀ ਆਸ ਵਿਚ ਦਵਾਈਆਂ, ਕਰਜ਼ੇ ਦੀਆਂ ਕਿਸ਼ਤਾਂ, ਘਰੇਲੂ ਖ਼ਰਚੇ ਆਦਿ ਦਾ ਸੋਚ ਕੇ ਪੂਰਾ ਮਹੀਨਾ ਇੰਤਜ਼ਾਰ ਵਿਚ ਕੱਢ ਦਿੰਦੇ ਹਨ ਪਰ ਪਿਛਲੇ ਮਹੀਨੇ ਦੀ ਪੈਨਸ਼ਨ ਨਾ ਆਉਣ ਕਰਕੇ ਉਨ੍ਹਾਂ ਨੂੰ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਦੌਰਾਨ ਰੇਸ਼ਮ ਲਾਲ ਰੰਗੀਲਾ ਨੇ ਦੱਸਿਆ ਕਿ ਮਾਨ ਸਰਕਾਰ ਇਸ ਮਸਲੇ ਨੂੰ ਹੱਲ ਕਰਨ ਵਿਚ ਕੋਈ ਦਿਲਚਸਪੀ ਨਹੀਂ ਲੈ ਰਹੀ ਹੈ | ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦੀ ਹੀ ਪੈਨਸ਼ਨ ਖਾਤਿਆਂ ਵਿਚ ਜਮ੍ਹਾ ਨਾ ਹੋਈ ਤਾਂ ਰੋਸ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਪ੍ਰਧਾਨ ਰੇਸ਼ਮ ਲਾਲ ਰੰਗੀਲਾ, ਰਾਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਇੰਜੀ ਅਸ਼ੋਕ ਵਾਟਸ, ਭਗਵਾਨ ਦਾਸ, ਬੂਟਾ ਸਿੰਘ ਕਾਨੂੰਗੋ, ਰਵੀ ਕੁਮਾਰ, ਰਾਮ ਕੁਮਾਰ ਆਦਿ ਹਾਜ਼ਰ ਸਨ |