ਅਬੋਹਰ, 6 ਮਈ (ਤੇਜਿੰਦਰ ਸਿੰਘ ਖ਼ਾਲਸਾ)-ਸਥਾਨਕ ਵਿਧਾਇਕ ਸੰਦੀਪ ਜਾਖੜ ਨੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਅਧੀਨ ਆਉਣ ਵਾਲੀ ਅਬੁਲ ਖੁਰਾਨਾ ਡਰੇਨ ਦੀ ਨਾਜ਼ੁਕ ਹਾਲਤ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਕ ਮਹੱਤਵਪੂਰਨ ਪੱਤਰ ਲਿਖਿਆ ਹੈ | ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਸਫ਼ਾਈ ਅਤੇ ਮਜ਼ਬੂਤੀ ਦੇ ਦਾਅਵੇ ਜ਼ਮੀਨੀ ਹਕੀਕਤ ਤੋਂ ਬਿਲਕੁਲ ਉਲਟ ਹਨ | ਵਿਧਾਇਕ ਜਾਖੜ ਨੇ ਆਪਣੇ ਨਿਰੀਖਣ ਦੌਰਾਨ ਪਾਇਆ ਕਿ ਨਾ ਤਾਂ ਡਰੇਨ ਦੀ ਢੰਗ ਨਾਲ ਸਫ਼ਾਈ ਹੋਈ ਹੈ ਅਤੇ ਨਾ ਹੀ ਕਿਨਾਰਿਆਂ ਨੂੰ ਮਜ਼ਬੂਤ ਕੀਤਾ ਗਿਆ ਹੈ | ਉਨ੍ਹਾਂ ਦੇ ਅਨੁਸਾਰ ਪ੍ਰਸ਼ਾਸਨ ਦੇ ਦਾਅਵੇ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਤ ਹਨ, ਜਦ ਕਿ ਮੌਕੇ 'ਤੇ ਹਾਲਾਤ ਕਾਫ਼ੀ ਖ਼ਤਰਨਾਕ ਹਨ | ਉਨ੍ਹਾਂ ਨੇ ਪਿਛਲੇ ਸਾਲ ਅਤੇ ਇਸ ਸਾਲ ਹੋਈ ਭਾਰੀ ਬਾਰਿਸ਼ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਿਸਾਨਾਂ ਅਤੇ ਆਮ ਲੋਕਾਂ ਨੂੰ ਪਹਿਲਾਂ ਹੀ ਨੁਕਸਾਨ ਝੱਲਣਾ ਪਿਆ ਹੈ | ਜੇ ਸਮੇਂ ਸਿਰ ਪ੍ਰਬੰਧ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ ਵਿਚ ਕਈ ਪਿੰਡਾਂ ਵਿਚ ਫ਼ਸਲਾਂ ਦੇ ਵੱਡੇ ਨੁਕਸਾਨ ਦਾ ਖ਼ਤਰਾ ਬਣ ਸਕਦਾ ਹੈ | ਵਿਧਾਇਕ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿਚ ਤੁਰੰਤ ਦਖ਼ਲ ਅੰਦਾਜ਼ੀ ਕਰਕੇ ਸੰਬੰਧਿਤ ਵਿਭਾਗ ਨੂੰ ਸਖ਼ਤ ਹੁਕਮ ਜਾਰੀ ਕੀਤੇ ਜਾਣ ਤਾਂ ਜੋ ਡਰੇਨ ਦੀ ਸਫ਼ਾਈ ਅਤੇ ਮਜ਼ਬੂਤੀ ਦਾ ਕੰਮ ਜਲਦੀ ਪੂਰਾ ਹੋ ਸਕੇ |