ਫ਼ਾਜ਼ਿਲਕਾ, 12 ਮਈ (ਦਵਿੰਦਰ ਪਾਲ ਸਿੰਘ)-ਸ਼੍ਰੀ ਬਾਲਾ ਜੀ ਵੈੱਲਫੇਅਰ ਸੁਸਾਇਟੀ ਵਲੋਂ ਪਿੰਡ ਹੀਰਾਂ ਵਾਲੀ ਅਤੇ ਬੇਗਾਂ ਵਾਲੀ ਦੇ ਸਾਂਝੇ ਸਹਿਯੋਗ ਨਾਲ ਸਮਾਜਿਕ ਏਕਤਾ ਦੀ ਮਿਸਾਲ ਪੇਸ਼ ਕਰਦਿਆਂ ਲੋੜਵੰਦ ਪਰਿਵਾਰਾਂ ਦੀਆਂ 11 ਲੜਕੀਆਂ ਦੇ ਸਮੂਹਿਕ ਵਿਆਹ ਧੂਮ-ਧਾਮ ਨਾਲ ਕਰਵਾਏ ਗਏ | ਇਸ ਸਮਾਗਮ ਵਿਚ ਇਲਾਕੇ ਦੀਆਂ ਪ੍ਰਮੁੱਖ ਧਾਰਮਿਕ, ਸਮਾਜਿਕ ਅਤੇ ਸਿਆਸੀ ਸ਼ਖ਼ਸੀਅਤਾਂ ਨੇ ਸ਼ਿਰਕਤ ਕਰਕੇ ਨਵ-ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ | ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੀ ਸਮਾਜ ਸੇਵਿਕਾ ਪੂਜਾ ਲੂਥਰਾ ਸਚਦੇਵਾ ਨੇ ਨਵ-ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੰਦਿਆਂ ਉਨ੍ਹਾਂ ਦੇ ਖ਼ੁਸ਼ਹਾਲ ਜੀਵਨ ਦੀ ਕਾਮਨਾ ਕੀਤੀ | ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਸਮਾਜ ਵਿਚ ਅਜਿਹੇ ਸਾਂਝੇ ਉਪਰਾਲੇ ਕੀਤੇ ਜਾਂਦੇ ਹਨ, ਤਾਂ ਧੀਆਂ ਕਦੇ ਵੀ ਸਮਾਜ 'ਤੇ ਬੋਝ ਨਹੀਂ ਲੱਗਦੀਆਂ | ਉਨ੍ਹਾਂ ਕਿਹਾ ਕਿ ਅੱਜ ਦੇ ਮਹਿੰਗਾਈ ਦੇ ਦੌਰ ਵਿਚ ਵਿਆਹਾਂ 'ਤੇ ਹੋਣ ਵਾਲਾ ਬੇਹਿਸਾਬ ਖ਼ਰਚ ਗ਼ਰੀਬ ਪਰਿਵਾਰਾਂ ਲਈ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ, ਅਜਿਹੇ ਵਿਚ ਸਮੂਹਿਕ ਵਿਆਹ ਨਾ ਸਿਰਫ਼ ਆਰਥਿਕ ਬੋਝ ਘਟਾਉਂਦੇ ਹਨ ਸਗੋਂ ਸਾਦਗੀ ਦਾ ਸੁਨੇਹਾ ਵੀ ਦਿੰਦੇ ਹਨ | ਪੂਜਾ ਲੂਥਰਾ ਨੇ ਅੱਗੇ ਕਿਹਾ ਕਿ ਧੀਆਂ ਹਰ ਘਰ ਦੀ ਸ਼ਾਨ ਹਨ ਅਤੇ ਸਮਾਜ ਦੀ ਤਰੱਕੀ ਵਿਚ ਉਨ੍ਹਾਂ ਦਾ ਵੱਡਾ ਯੋਗਦਾਨ ਹੈ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਆਹਾਂ 'ਤੇ ਫ਼ਜ਼ੂਲ-ਖ਼ਰਚੀ ਕਰਨ ਦੀ ਬਜਾਏ ਅਜਿਹੇ ਨੇਕ ਕਾਰਜਾਂ ਵਿਚ ਯੋਗਦਾਨ ਪਾਉਣ | ਉਨ੍ਹਾਂ ਸ਼੍ਰੀ ਬਾਲਾ ਜੀ ਵੈੱਲਫੇਅਰ ਸੁਸਾਇਟੀ ਅਤੇ ਪਿੰਡ ਵਾਸੀਆਂ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਪਰਾਲਾ ਦੂਜੀਆਂ ਸੰਸਥਾਵਾਂ ਲਈ ਵੀ ਪੇ੍ਰਰਨਾ ਸਰੋਤ ਬਣੇਗਾ | ਸਮਾਗਮ ਦੌਰਾਨ ਸਾਰੀਆਂ ਧਾਰਮਿਕ ਰਸਮਾਂ ਪੂਰੀ ਸ਼ਰਧਾ ਅਤੇ ਰੀਤੀ-ਰਿਵਾਜਾਂ ਅਨੁਸਾਰ ਨਿਭਾਈਆਂ ਗਈਆਂ | ਸਮਾਗਮ ਦੇ ਅੰਤ ਵਿਚ ਸੁਸਾਇਟੀ ਦੇ ਅਹੁਦੇਦਾਰਾਂ ਵਲੋਂ ਮੁੱਖ ਮਹਿਮਾਨ ਪੂਜਾ ਲੂਥਰਾ ਸਚਦੇਵਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |