29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸਿਵਲ ਸਰਜਨ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

Ad Position 21
No active advertisement
ਅਜੀਤ ਡੈਸਕ 21-05-2026
ਫ਼ਾਜ਼ਿਲਕਾ, 20 ਮਈ (ਦਵਿੰਦਰ ਪਾਲ ਸਿੰਘ)-ਸਿਵਲ ਸਰਜਨ ਡਾ.ਕਵਿਤਾ ਸਿੰਘ ਦੀ ਪ੍ਰਧਾਨਗੀ, ਸਹਾਇਕ ਸਿਵਲ ਸਰਜਨ ਡਾ.ਉਪਿੰਦਰ ਸਿੰਘ ਦੀ ਮੌਜੂਦਗੀ ਅਤੇ ਜ਼ਿਲ੍ਹਾ ਟੀ.ਬੀ ਅਫ਼ਸਰ ਡਾ.ਨੀਲੂ ਚੁੱਘ ਦੀ ਅਗਵਾਈ ਹੇਠ ਸਿਵਲ ਸਰਜਨ ਦਫ਼ਤਰ ਵਿਖੇ ਰਾਸ਼ਟਰੀ ਏਡਜ਼ ਕੰਟਰੋਲ ਪ੍ਰੋਗਰਾਮ ਅਤੇ ਨੈਸ਼ਨਲ ਤਪਦਿਕ ਐਲੀਮੀਨੇਸ਼ਨ ਪ੍ਰੋਗਰਾਮ ਦੇ ਸੰਬੰਧ ਵਿਚ ਸਮੀਖਿਆ ਮੀਟਿੰਗ ਆਯੋਜਿਤ ਕੀਤੀ ਗਈ | ਡਾ.ਕਵਿਤਾ ਸਿੰਘ ਨੇ ਕਿਹਾ ਕਿ ਟੀ.ਬੀ ਅਤੇ ਏਡਜ਼ ਦੋਵੇਂ ਹੀ ਜਾਨਲੇਵਾ ਰੋਗ ਹਨ ਪ੍ਰੰਤੂ ਜਿੱਥੇ ਟੀ.ਬੀ ਇਲਾਜ ਯੋਗ ਹੈ ਓਥੇ ਹੀ ਉਚਿੱਤ ਅਤੇ ਸਮੇਂ ਸਿਰ ਇਲਾਜ ਮਿਲਣ 'ਤੇ ਐੱਚ.ਆਈ.ਵੀ, ਏਡਜ਼ ਨੂੰ ਵਧਣ ਤੋਂ ਲੰਬੇ ਸਮੇਂ ਤੱਕ ਰੋਕਿਆ ਜਾ ਸਕਦਾ ਹੈ | ਟੀ.ਬੀ ਐਲੀਮੀਨੇਸ਼ਨ ਪ੍ਰੋਗਰਾਮ ਬਾਰੇ ਗੱਲ ਕਰਦਿਆਂ ਡਾ.ਕਵਿਤਾ ਸਿੰਘ ਨੇ ਕਿਹਾ ਕਿ ਜ਼ਿਲੇ੍ਹ ਵਿਚ ਚੱਲ ਰਹੀ 100 ਦਿਨੀਂ ਟੀ.ਬੀ ਮੁਕਤ ਭਾਰਤ ਮੁਹਿੰਮ ਤਹਿਤ ਵੱਖ-ਵੱਖ ਹਾਈ ਰਿਸਕ ਪਿੰਡਾਂ ਵਿਚ ਲਗਾਏ ਜਾ ਰਹੇ ਕੈਂਪਾਂ ਦੌਰਾਨ ਸ਼ੱਕੀ ਮਰੀਜ਼ਾਂ ਦੀ ਜਾਂਚ ਯਕੀਨੀ ਬਣਾਈ ਜਾਵੇ ਤਾਂ ਜੋ ਸਮਾਂ ਰਹਿੰਦੇ ਹੀ ਟੀ.ਬੀ. ਵਰਗੀ ਨਾਮੁਰਾਦ ਬਿਮਾਰੀ 'ਤੇ ਕਾਬੂ ਪਾਇਆ ਜਾ ਸਕੇ ਅਤੇ ਪੰਜਾਬ ਨੂੰ ਟੀ.ਬੀ ਮੁਕਤ ਰਾਜ ਬਣਾਇਆ ਜਾ ਸਕੇ | 60 ਸਾਲ ਤੋਂ ਵੱਧ ਉਮਰ ਦੇ ਲੋਕਾਂ, ਸ਼ੂਗਰ ਦੇ ਮਰੀਜ਼, ਕਿਸੇ ਵੀ ਤਰ੍ਹਾਂ ਦੇ ਨਸ਼ੇ ਦੇ ਆਦੀ, ਪਹਿਲਾਂ ਦਵਾਈ ਖਾ ਚੁੱਕੇ ਟੀ.ਬੀ ਦੇ ਮਰੀਜ਼, ਜੋ ਮਰੀਜ਼ ਟੀ.ਬੀ ਦੀ ਦਵਾਈ ਖਾ ਰਹੇ ਹਨ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਜਾਂ ਹੋਰ ਵੀ ਕੋਈ ਜਿਸ ਨੂੰ ਦੋ ਹਫ਼ਤੇ ਦੀ ਖਾਂਸੀ, ਬੁਖ਼ਾਰ, ਬਲਗ਼ਮ ਵਿਚ ਖ਼ੂਨ, ਵਜ਼ਨ ਘਟਣਾ, ਗਲੇ ਵਿਚ ਗੰਢ ਆਦਿ ਲੱਛਣ ਹਨ, ਉਨ੍ਹਾਂ ਦੀ ਸਕਰੀਨਿੰਗ ਕੀਤੀ ਜਾਵੇ | ਇਸ ਦੇ ਨਾਲ ਹੀ ਲੋਕਾਂ ਨੂੰ ਤਪਦਿਕ ਰੋਗ ਦੇ ਲੱਛਣਾਂ, ਬਚਾਅ ਅਤੇ ਇਲਾਜ ਬਾਰੇ ਜਾਗਰੂਕ ਕੀਤਾ ਜਾਵੇ | ਵਿਭਾਗ ਵਲੋਂ ਦਿੱਤੇ ਗਏ ਟੀਚੇ ਮੁਤਾਬਿਕ ਐਕਸਰੇ ਦਾ ਟੀਚਾ ਹਾਸਿਲ ਕੀਤਾ ਜਾਵੇ | ਏਡਜ਼ ਪ੍ਰੋਗਰਾਮ ਨਾਲ ਸੰਬੰਧਿਤ ਵੱਖ-ਵੱਖ ਸਿਹਤ ਸੰਸਥਾਵਾਂ ਤੋਂ ਆਏ ਸਟਾਫ਼ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਵਿਭਾਗ ਵਲੋਂ ਏਡਜ਼ ਸੰਬੰਧੀ ਜੋ 95-95-99 ਟਾਰਗੈਟ ਦਿੱਤਾ ਗਿਆ ਹੈ ਉਸ ਨੰੂ ਪੂਰਾ ਕੀਤਾ ਜਾਵੇ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਅਨੁਮਾਨਿਤ ਆਬਾਦੀ ਵਿਚੋਂ 95 ਫ਼ੀਸਦੀ ਲੋਕਾਂ ਨੂੰ ਆਪਣੇ ਐੱਚ.ਆਈ.ਵੀ. ਸਟੇਟਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ, 95 ਪ੍ਰਤੀਸ਼ਤ ਐੱਚ.ਆਈ.ਵੀ. ਪਾਜ਼ੀਟਿਵ ਵਿਅਕਤੀ ਏ.ਆਰ.ਟੀ. ਇਲਾਜ ਅਧੀਨ ਹੋਣ ਅਤੇ 99 ਫ਼ੀਸਦੀ ਮਰੀਜ਼ਾਂ ਦਾ ਵਾਇਰਲ ਲੋਡ ਕੰਟਰੋਲ ਵਿਚ ਹੋਣਾ ਲਾਜ਼ਮੀ ਹੈ | ਸਿਵਲ ਸਰਜਨ ਨੇ ਸਬੰਧਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ 1 ਦਸੰਬਰ ਤੱਕ 100 ਫ਼ੀਸਦੀ ਟੀਚਾ ਹਾਸਲ ਕਰਨ ਲਈ ਪੂਰੀ ਤਿਆਰੀ ਅਤੇ ਯੋਜਨਾ ਨਾਲ ਕੰਮ ਕੀਤਾ ਜਾਵੇ | ਇਸ ਦੌਰਾਨ ਡਾ.ਨੀਲੂ ਚੁੱਘ ਨੇ ਦੱਸਿਆ ਕਿ ਐੱਚ.ਆਈ.ਵੀ.ਪੀੜਤ ਮਰੀਜ਼ਾਂ ਦਾ ਸਮੇਂ-ਸਮੇਂ 'ਤੇ ਫਾਲੋਅੱਪ ਕੀਤਾ ਜਾਵੇ ਅਤੇ ਜਿਹੜੇ ਮਰੀਜ਼ ਦੂਜੇ ਸਥਾਨਾਂ 'ਤੇ ਸ਼ਿਫ਼ਟ ਹੋ ਜਾਂਦੇ ਹਨ, ਉਨ੍ਹਾਂ ਦਾ ਵੀ ਮੁਕੰਮਲ ਰਿਕਾਰਡ ਸੰਭਾਲਿਆ ਜਾਵੇ | ਏਡਜ਼ ਦੀ ਜਾਂਚ ਲਈ ਕਿੱਟ ਦੀ ਉਪਲਬਧਤਾ ਯਕੀਨੀ ਬਣਾਈ ਜਾਵੇ | ਮਾਸ ਮੀਡੀਆ ਵਿੰਗ ਦੇ ਸਹਿਯੋਗ ਨਾਲ ਜਾਗਰੂਕਤਾ ਸੈਮੀਨਾਰ ਲਗਾਏ ਜਾਣ | ਡਾ ਨੀਲੂ ਚੁੱਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਟੀ.ਬੀ ਅਤੇ ਏਡਜ਼ ਬਿਮਾਰੀ ਦੇ ਲੱਛਣ ਹੋਣ ਤੇ ਵਿਭਾਗ ਵਲੋਂ ਲਗਾਏ ਜਾ ਰਹੇ ਕੈਂਪਾਂ ਵਿਚ ਜਾਂ ਨਜ਼ਦੀਕੀ ਸਿਹਤ ਕੇਂਦਰ ਤੇ ਜਾ ਕੇ ਇਹਨਾਂ ਦੀ ਜਾਂਚ ਜ਼ਰੂਰ ਕਰਵਾਈ ਜਾਵੇ | ਸਰਕਾਰੀ ਹਸਪਤਾਲਾਂ ਵਿਖੇ ਇਹਨਾਂ ਦੀ ਜਾਂਚ ਅਤੇ ਇਲਾਜ ਮੁਫ਼ਤ ਉਪਲਬਧ ਕਰਵਾਇਆ ਜਾਂਦਾ ਹੈ | ਇਸ ਮੌਕੇ ਮਾਸ ਮੀਡੀਆ ਵਿੰਗ ਤੋਂ ਮਨਬੀਰ ਸਿੰਘ, ਦਿਵੇਸ਼ ਕੁਮਾਰ, ਵਿਕੀ ਕੁਮਾਰ, ਕੰਵਲਜੀਤ ਸਿੰਘ ਅਤੇ ਹੋਰ ਸੰਬੰਧਿਤ ਸਟਾਫ਼ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕੁੱਟਮਾਰ ਕਰਨ ਵਾਲੇ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਆਨਲਾਈਨ ਦਵਾਈਆਂ ਦੀ ਵਿੱਕਰੀ ਦੇ ਵਿਰੋਧ 'ਚ ਕੈਮਿਸਟ ਐਸੋਸੀਏਸ਼ਨ ਨੇ ਕੀਤੀ ਹੜਤਾਲ
Ad Position 24