ਫ਼ਾਜ਼ਿਲਕਾ, 20 ਮਈ (ਦਵਿੰਦਰ ਪਾਲ ਸਿੰਘ)-ਕੈਮਿਸਟ ਐਸੋਸੀਏਸ਼ਨ ਫ਼ਾਜ਼ਿਲਕਾ ਨੇ ਦੇਸ਼ ਵਿਆਪੀ ਆਨਲਾਈਨ ਦਵਾਈ ਵਿੱਕਰੀ ਦੇ ਵਿਰੋਧ 'ਚ ਹੜਤਾਲ ਦਾ ਸਮਰਥਨ ਕਰਦਿਆਂ ਫ਼ਾਜ਼ਿਲਕਾ ਦੇ ਅੰਦਰ ਆਪਣੀ ਦੁਕਾਨਾਂ ਬੰਦ ਰੱਖ ਧਰਨਾ ਪ੍ਰਦਰਸ਼ਨ ਕੀਤਾ | ਇਸ ਦੌਰਾਨ ਆਨਲਾਈਨ ਦਵਾਈਆਂ ਦੀ ਵਿੱਕਰੀ ਦੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ | ਫ਼ਾਜ਼ਿਲਕਾ 'ਚ 150 ਦੇ ਕਰੀਬ ਮੈਡੀਕਲ ਦੀਆਂ ਦੁਕਾਨਾਂ 'ਤੇ ਅੱਜ ਤਾਲੇ ਲੱਗੇ ਦਿਖਾਈ ਦਿੱਤੇ | ਫ਼ਾਜ਼ਿਲਕਾ ਦੇ ਸ਼ਾਸਤਰੀ ਚੌਂਕ 'ਤੇ ਕੈਮਿਸਟ ਐਸੋਸੀਏਸ਼ਨ ਦੇ ਆਗੂ ਅਤੇ ਦੁਕਾਨਦਾਰ ਇਕੱਠੇ ਹੋਏ | ਜਿਨ੍ਹਾਂ ਨੇ ਧਰਨਾ ਪ੍ਰਦਰਸ਼ਨ ਕਰਨ ਤੋਂ ਬਾਅਦ ਫ਼ਾਜ਼ਿਲਕਾ ਦੇ ਸਿਵਲ ਸਰਜਨ ਨੂੰ ਇਕ ਮੰਗ ਪੱਤਰ ਸੌਂਪਿਆ | ਕੈਮਿਸਟ ਐਸੋਸੀਏਸ਼ਨ ਦੀ ਇਸ ਹੜਤਾਲ ਦਾ ਫ਼ਾਜ਼ਿਲਕਾ ਦੇ ਵਪਾਰ ਮੰਡਲ ਵਲੋਂ ਵੀ ਸਮਰਥਨ ਕੀਤਾ ਗਿਆ | ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਗੁਲਬਧਰ ਕੈਮਿਸਟ ਐਸੋਸੀਏਸ਼ਨ ਦੇ ਇਸ ਧਰਨੇ ਵਿਚ ਸ਼ਾਮਿਲ ਹੋਏ ਅਤੇ ਉਨ੍ਹਾਂ ਨੇ ਵੀ ਆਨਲਾਈਨ ਵਿੱਕਰੀ ਦਾ ਵਿਰੋਧ ਕੀਤਾ | ਇਸ ਮੌਕੇ 'ਤੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਬਾਲ ਕ੍ਰਿਸ਼ਨ ਕਟਾਰੀਆ ਨੇ ਕਿਹਾ ਕਿ ਜੋ ਆਨਲਾਈਨ ਦਵਾਈਆਂ ਆਉਂਦੀਆਂ ਹਨ ਉਹ ਅੱਧੇ ਨਾਲੋਂ ਜ਼ਿਆਦਾ ਜਾਅਲੀ ਹੁੰਦੀਆਂ ਹਨ | ਇਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਜਿਸ ਨੂੰ ਰੋਕਣ ਦੇ ਲਈ ਇਹ ਹੜਤਾਲ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਨਿਯਮਾਂ ਦੇ ਉਲਟ ਜਾ ਕੇ ਆਨਲਾਈਨ ਦਵਾਈਆਂ ਦੀ ਵਿੱਕਰੀ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਕੋਰੋਨਾ ਦੇ ਸਮੇਂ ਦਵਾਈਆਂ ਦੀ ਆਨਲਾਈਨ ਵਿੱਕਰੀ ਸ਼ੁਰੂ ਕੀਤੀ ਗਈ ਸੀ ਪਰ ਉਸ ਤੋਂ ਬਾਅਦ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ | ਉਨ੍ਹਾਂ ਕਿਹਾ ਕਿ ਵੱਡੇ-ਵੱਡੇ ਮਗਰਮੱਛ ਇਸ ਧੰਦੇ ਨਾਲ ਜੁੜੇ ਹੋਏ ਹਨ | ਉਨ੍ਹਾਂ ਕਿਹਾ ਕਿ ਮੈਡੀਕਲ ਦੁਕਾਨਾਂ ਵਾਲਿਆਂ ਨੂੰ ਕਈ ਤਰ੍ਹਾਂ ਦੇ ਨਿਯਮਾਂ ਦੀ ਪਾਲਨਾ ਕਰਦਿਆਂ ਦਵਾਈਆਂ ਵੇਚਣੀਆਂ ਪੈਂਦੀਆਂ ਹਨ ਅਤੇ ਇਸ ਦਾ ਰਿਕਾਰਡ ਵੀ ਰੱਖਣਾ ਪੈਂਦਾ ਹੈ | ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਆਨਲਾਈਨ ਵਿੱਕਰੀ 'ਤੇ ਰੋਕ ਲਗਾਉਣ ਅਤੇ ਪੰਜਾਬ ਸਰਕਾਰ ਤੋਂ ਨਵੇਂ ਮੈਡੀਕਲ ਖੋਲ੍ਹਣ ਲਈ 100 ਮੀਟਰ ਦੀ ਦੂਰੀ ਨੂੰ ਘਟਾਉਣ ਦੀ ਮੰਗ ਕੀਤੀ | ਇਸ ਮੌਕੇ ਵਪਾਰ ਮੰਡਲ ਫ਼ਾਜ਼ਿਲਕਾ ਦੇ ਪ੍ਰਧਾਨ ਅਸ਼ੋਕ ਗੁਲਬਧਰ ਨੇ ਕਿਹਾ ਕਿ ਕੈਮਿਸਟ ਐਸੋਸੀਏਸ਼ਨ ਨੇ ਮਜਬੂਰ ਹੋ ਕੇ ਇਹ ਹੜਤਾਲ ਕੀਤੀ ਹੈ, ਕੋਈ ਵੀ ਦੁਕਾਨਦਾਰ ਆਪਣੀਆਂ ਦੁਕਾਨਾਂ ਨੂੰ ਬੰਦ ਨਹੀਂ ਕਰਦਾ | ਉਨ੍ਹਾਂ ਕਿਹਾ ਕਿ ਆਨਲਾਈਨ ਦਵਾਈਆਂ ਜਾਅਲੀ ਆਉਂਦੀਆਂ ਹਨ | ਜਿਸ ਨਾਲ ਦੁਕਾਨਦਾਰ ਪ੍ਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਬਾਹਰ ਦੀਆਂ ਕੰਪਨੀਆਂ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ ਜਦ ਕਿ ਆਪਣੇ ਦੇਸ਼ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਨਲਾਈਨ ਖ਼ਰੀਦਦਾਰੀ 'ਤੇ ਪਰਹੇਜ਼ ਕੀਤਾ ਜਾਵੇ ਅਤੇ ਦੁਕਾਨਦਾਰਾਂ ਤੋਂ ਸਮਾਨ ਖ਼ਰੀਦਿਆ ਜਾਵੇ |