ਅਬੋਹਰ, 20 ਮਈ(ਵਿਵੇਕ ਹੂੜੀਆ)-ਅਬੋਹਰ ਦੇ ਆਲਮਗੜ੍ਹ ਤੋਂ ਕੰਧਵਾਲਾ ਰੋਡ ਬਾਈਪਾਸ 'ਤੇ ਤੜਕਸਾਰ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਇਕ ਪਿਕਅਪ ਚਾਲਕ ਦੀ ਦਰਦਨਾਕ ਮੌਤ ਹੋ ਗਈ | ਇਹ ਹਾਦਸਾ ਐਨਾ ਜ਼ਬਰਦਸਤ ਸੀ ਕਿ ਪਿਕਅਪ ਚਾਲਕ ਗੱਡੀ ਦੇ ਅੰਦਰ ਹੀ ਬੁਰੀ ਤਰ੍ਹਾਂ ਫਸ ਗਿਆ ਜਿਸ ਨੂੰ 'ਨਰ ਸੇਵਾ ਨਰਾਇਣ ਸੇਵਾ ਸਮਿਤੀ' ਦੇ ਮੈਂਬਰਾਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ | ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਸਿਟੀ-2 ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ | ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸੜਕ ਦੇ ਦੋਵੇਂ ਪਾਸੇ ਨਾਜਾਇਜ਼ ਤੌਰ 'ਤੇ ਖੜ੍ਹੇ ਕਣਕ ਦੇ ਟਰੱਕਾਂ ਕਾਰਨ ਵਾਪਰਿਆ | ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਗੰਗਾਨਗਰ ਦੇ ਬਾਪੂ ਨਗਰ ਵਾਰਡ ਨੰਬਰ 19 ਦਾ ਰਹਿਣ ਵਾਲਾ ਅਮਿੱਤ ਕੁਮਾਰ ਉਰਫ਼ ਕਾਲੀ (40) ਪੁੱਤਰ ਭੂਸ਼ਨ ਪਿਕਅਪ ਚਲਾਉਣ ਦਾ ਕੰਮ ਕਰਦਾ ਸੀ | ਉਹ ਆਪਣੀ ਪਿਕਅਪ ਗੱਡੀ ਵਿਚ ਮਲੋਟ ਤੋਂ ਫ਼ਰੂਟ ਲੋਡ ਕਰਕੇ ਸ੍ਰੀ ਗੰਗਾਨਗਰ ਲਈ ਰਵਾਨਾ ਹੋਇਆ ਸੀ | ਜਦੋਂ ਉਹ ਅਬੋਹਰ ਦੇ ਆਲਮਗੜ੍ਹ ਬਾਈਪਾਸ ਚੌਕ ਵਾਲੀ ਰੋਡ 'ਤੇ ਪਹੁੰਚਿਆ ਤਾਂ ਅਚਾਨਕ ਉਸ ਦੀ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਇਕ ਟਰੱਕ ਨਾਲ ਜਾ ਟਕਰਾਈ | ਟੱਕਰ ਇਤਨੀ ਭਿਆਨਕ ਸੀ ਕਿ ਅਮਿੱਤ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ | ਰਾਹਗੀਰਾਂ ਨੇ ਤੁਰੰਤ ਇਸ ਦੀ ਸੂਚਨਾ 112 ਹੈਲਪ ਲਾਈਨ 'ਤੇ ਦਿੱਤੀ | ਹਾਦਸੇ ਦੀ ਖ਼ਬਰ ਮਿਲਦਿਆਂ ਹੀ 112 ਹੈਲਪ ਲਾਈਨ ਅਤੇ ਥਾਣਾ ਨੰਬਰ 2 ਦੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ | ਪੁਲਿਸ ਨੇ 'ਨਰ ਸੇਵਾ ਨਰਾਇਣ ਸੇਵਾ ਸਮਿਤੀ' ਦੇ ਮੈਂਬਰਾਂ ਬਿੱਟੂ ਨਰੂਲਾ ਅਤੇ ਸੋਨੂੰ ਗਰੋਵਰ ਦੀ ਮਦਦ ਨਾਲ ਪਿਕਅਪ ਦੇ ਹਿੱਸਿਆਂ ਨੂੰ ਕੱਟ ਕੇ ਮਿ੍ਤਕ ਦੀ ਲਾਸ਼ ਨੂੰ ਬਾਹਰ ਕੱਢਿਆ | ਹਾਦਸੇ ਦੀ ਭਿਣਕ ਲੱਗਦਿਆਂ ਹੀ ਫ਼ਰੂਟ ਵਪਾਰੀ ਵੀ ਮੌਕੇ 'ਤੇ ਪਹੁੰਚ ਗਏ | ਦੱਸਿਆ ਗਿਆ ਹੈ ਕਿ ਮਿ੍ਤਕ ਆਪਣੇ ਪਿੱਛੇ ਇੱਕ ਮਾਸੂਮ ਬੱਚੀ ਛੱਡ ਗਿਆ ਹੈ, ਜਿਸ ਸਿਰੋਂ ਪਿਤਾ ਦਾ ਸਾਇਆ ਉੱਠ ਗਿਆ ਹੈ | ਸਮਿਤੀ ਮੈਂਬਰ ਬਿੱਟੂ ਨਰੂਲਾ ਨੇ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਈਪਾਸ ਰੋਡ ਦੇ ਦੋਵੇਂ ਪਾਸੇ ਬਿਨਾਂ ਕਿਸੇ ਇੰਡੀਕੇਟਰ ਜਾਂ ਸੁਰੱਖਿਆ ਨਿਯਮਾਂ ਦੇ ਖੜ੍ਹੇ ਕੀਤੇ ਜਾਂਦੇ ਟਰੱਕਾਂ ਕਾਰਨ ਇਹ ਹਾਦਸਾ ਵਾਪਰਿਆ ਹੈ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਤੋਂ ਮੰਗ ਕੀਤੀ ਕਿ ਇਨ੍ਹਾਂ ਟਰੱਕਾਂ ਨੂੰ ਸੜਕ ਕਿਨਾਰਿਓਾ ਹਟਾ ਕੇ ਇਕ ਪਾਸੇ ਕਰਵਾਇਆ ਜਾਵੇ, ਤਾਂ ਜੋ ਭਵਿੱਖ ਵਿਚ ਅਜਿਹੇ ਭਿਆਨਕ ਹਾਦਸਿਆਂ ਕਾਰਨ ਕਿਸੇ ਹੋਰ ਦੀ ਜਾਨ ਨਾ ਜਾਵੇ | ਪੁਲਿਸ ਵਲੋਂ ਫ਼ਰਾਰ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |