ਅਬੋਹਰ, 21 ਮਈ (ਵਿਵੇਕ ਹੂੜੀਆ)-ਅਬੋਹਰ ਬੱਲੂਆਣਾ ਖੇਤਰ ਦੇ ਕਿਸਾਨਾਂ ਦੇ ਮੁੱਦਿਆਂ ਨੂੰ ਚੁੱਕਣ ਵਾਲੇ ਪ੍ਰਗਤੀਸ਼ੀਲ ਕਿਸਾਨ ਅਤੇ ਬਾਗ਼ਬਾਨ ਸੁਸ਼ੀਲ ਸਿਆਗ ਢੀਂਗਾ ਵਾਲੀ ਨੇ ਇਲਾਕੇ ਦੇ ਉੱਘੇ ਅਤੇ ਮੌਜਿਜ ਕਿਸਾਨਾਂ ਨਾਲ ਮੀਟਿੰਗ ਕਰਕੇ ਸਿੰਚਾਈ ਵਿਭਾਗ ਤੋਂ 26 ਮਈ ਦੀ ਪ੍ਰਸਤਾਵਿਤ ਨਹਿਰ ਬੰਦੀ ਨੂੰ ਹਰ ਹਾਲਤ ਵਿਚ ਰੱਦ ਕਰਨ ਦੀ ਮੰਗ ਕੀਤੀ ਹੈ | ਮੀਟਿੰਗ ਵਿਚ ਹਾਜ਼ਰ ਸੀਨੀਅਰ ਆਗੂ ਵਿਸ਼ਨੂੰ ਭਗਵਾਨ ਡੇਲੂ, ਹਰਦੇਵ ਗੋਬਿੰਦਗੜ੍ਹ, ਸੰਦੀਪ ਭਾਦੂ ਸਾਬਕਾ ਸਰਪੰਚ ਸ਼ੇਰੇ ਵਾਲਾ, ਸ਼੍ਰਵਣ ਸਿਆਗ, ਮਹੀ ਰਾਮ ਬਿਸ਼ਨੋਈ ਖੈਰਪੁਰ, ਵਿਕਰਮ ਧਾਰਨੀਆਂ ਸੀਤੋ ਗੰੁਨੋ੍ਹ, ਡਾ.ਬਿਹਾਰੀ ਲਾਲ ਨੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਪ੍ਰਸਤਾਵਿਤ ਨਹਿਰ ਬੰਦੀ ਨਾਲ ਕਿਸਾਨਾਂ ਦੇ ਬਾਗ਼ਾਂ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਵੇਗਾ ਅਤੇ ਇਸ ਬੇਵਕਤੀ ਨਹਿਰ ਬੰਦੀ ਨੂੰ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਕਿਸਾਨ ਆਗੂਆਂ ਨੇ ਦੱਸਿਆ ਕਿ ਤੇਜ਼ ਗਰਮੀ, ਧੁੱਪ ਅਤੇ ਲੂ ਦੇ ਕਾਰਨ ਕਿੰਨੂ ਦੇ ਬਾਗ਼ਾਂ ਨੂੰ ਸਿੰਚਾਈ ਲਈ ਪਾਣੀ ਦੀ ਸਖ਼ਤ ਜ਼ਰੂਰਤ ਹੈ | ਜੇਕਰ ਨਹਿਰ ਬੰਦੀ ਲਾਗੂ ਕੀਤੀ ਤਾਂ ਕਿਸਾਨਾਂ ਦੀ ਸਾਲਾਂ ਦੀ ਮਿਹਨਤ ਨਾਲ ਤਿਆਰ ਕੀਤੇ ਕਿੰਨੂ ਦੇ ਬਾਗ਼ਾਂ ਵਿਚ ਫਲ ਡਿੱਗਣ ਅਤੇ ਪੌਦੇ ਸੜਨ ਨਾਲ ਬਰਬਾਦ ਹੋ ਜਾਣਗੇ | ਸਿਆਗ ਨੇ ਦੱਸਿਆ ਕਿ ਬਾਗ਼ਬਾਨੀ ਵਿਭਾਗ ਅਬੋਹਰ ਦੇ ਡਿਪਟੀ ਡਾਇਰੈਕਟਰ ਨੇ ਵੀ ਕਾਰਜਕਾਰੀ ਇੰਜੀਨੀਅਰ, ਅਬੋਹਰ ਨਹਿਰ ਅਤੇ ਗਰਾਊਾਡ ਵਾਟਰ ਮੰਡਲ, ਜਲ ਸਰੋਤ ਵਿਭਾਗ ਪੰਜਾਬ ਨੂੰ ਇਕ ਅਧਿਕਾਰਤ ਪੱਤਰ ਲਿਖ ਕੇ ਖ਼ਬਰਦਾਰ ਕੀਤਾ ਹੈ ਕਿ ਇਸ ਸਮੇਂ ਕਿੰਨੂ ਦੇ ਬਾਗ਼ਾਂ ਦੀ ਸਿੰਚਾਈ ਦਾ ਪੀਕ ਸੀਜ਼ਨ ਹੈ ਅਤੇ ਨਹਿਰ ਬੰਦ ਨਾ ਕੀਤੀ ਜਾਵੇ | ਕਿਸਾਨ ਆਗੂਆਂ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਲਾਉਣ ਵਾਲੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਸਫ਼ਾਈ ਲਈ ਮਾਰਚ ਅਤੇ ਅਪ੍ਰੈਲ ਵਿਚ ਨਹਿਰ ਬੰਦ ਕੀਤੀ ਜਾਂਦੀ ਹੈ ਨਾ ਕਿ ਮਈ ਜਾਂ ਜੂਨ ਦੇ ਮਹੀਨੇ | ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਜੁਲਾਈ ਮਹੀਨੇ ਵਿਚ ਜਦੋਂ ਤਕ ਚੰਗੀ ਬਾਰਸ਼ ਨਾ ਹੋ ਜਾਣ ਉਦੋਂ ਤੱਕ ਨਹਿਰਾਂ ਵਿਚ ਪਾਣੀ ਲਗਾਤਾਰ ਵਗਦਾ ਰਹਿਣਾ ਚਾਹੀਦਾ ਹੈ | ਕਿਸਾਨਾਂ ਨੇ ਗ਼ੁੱਸਾ ਪ੍ਰਗਟ ਕੀਤਾ ਕਿ ਖੇਤੀਬਾੜੀ ਵਿਭਿੰਨਤਾ ਲਈ ਮਸ਼ਹੂਰ ਅਬੋਹਰ ਖੇਤਰ ਦੇ ਕਿਸਾਨਾਂ ਨੂੰ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਬੇਲੋੜੀਆਂ ਨਹਿਰਾਂ ਬੰਦ ਕਰਨ ਅਤੇ ਗ਼ਲਤ ਖੇਤੀ ਨੀਤੀਆਂ ਕਾਰਨ ਅਬੋਹਰ ਬੱਲੂਆਣਾ ਖੇਤਰ ਵਿਚ ਲਗਭਗ ਵੀਹ ਹਜ਼ਾਰ ਏਕੜ ਕਿੰਨੂ ਦੇ ਬਾਗ਼ ਤਬਾਹ ਹੋ ਗਏ ਹਨ |