ਅਬੋਹਰ, 21 ਮਈ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਸਿਹਤ ਵਿਭਾਗ ਵਲੋਂ ਸੀਨੀਅਰ ਮੈਡੀਕਲ ਅਧਿਕਾਰੀ ਡਾ.ਸੁਰੇਸ਼ ਕੰਬੋਜ ਦੀ ਨਿਗਰਾਨੀ ਹੇਠ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵਲੋਂ ਅਬੋਹਰ ਦੇ ਸਰਕਾਰੀ ਹਸਪਤਾਲ, ਆਮ ਆਦਮੀ ਕਲੀਨਿਕ ਸੰਤ ਨਗਰ ਅਤੇ ਨਵੀਂ ਆਬਾਦੀ ਵਿਖੇ ਇਕ ਵਿਆਪਕ ਮੁਹਿੰਮ ਤਹਿਤ ਲੋਕਾਂ ਨੂੰ ਐੱਚ.ਪੀ.ਵੀ ਵੈਕਸੀਨੇਸ਼ਨ ਬਾਰੇ ਜਾਗਰੂਕ ਕੀਤਾ ਗਿਆ | ਇਸ ਦੌਰਾਨ ਮੈਡੀਕਲ ਅਫ਼ਸਰ ਡਾ.ਸੁਬੀਨ ਇੰਦਰ ਕੌਰ, ਡਾ.ਪੂਜਾ ਵਾਟਸ, ਡਾ.ਸੁਧੀਰ ਪਾਠਕ, ਡਾ. ਅਨਿਤਾ ਯਾਦਵ, ਡਿਪਟੀ ਮਾਸ ਮੀਡੀਆ ਅਫ਼ਸਰ ਮਨਬੀਰ ਸਿੰਘ, ਐਲ.ਐੱਚ.ਵੀ ਦਿਨੇਸ਼ ਰਾਣੀ, ਏ.ਐਨ.ਐਮ ਲਖਵਿੰਦਰ ਕੌਰ, ਸ਼ਿਮਲਾ ਰਾਣੀ, ਕਰਮਜੀਤ ਕੌਰ ਅਤੇ ਆਸ਼ਾ ਵਰਕਰ ਮੌਜੂਦ ਸਨ | ਸਿਹਤ ਕਰਮੀਆਂ ਨੇ ਦੱਸਿਆ ਕਿ ਐੱਚ.ਪੀ.ਵੀ ਟੀਕਾ 14 ਤੋਂ 15 ਸਾਲ ਦੀ ਉਮਰ ਦੀਆਂ ਕੁੜੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਲਗਾਇਆ ਜਾ ਰਿਹਾ ਹੈ | ਮੈਡੀਕਲ ਸਪੈਸ਼ਲਿਸਟ ਡਾ.ਸੁਬੀਨ ਇੰਦਰ ਕੌਰ ਨੇ ਸਪਸ਼ਟ ਕਰਦੇ ਹੋਏ ਕਿਹਾ ਕਿ ਸਰਵਾਈਕਲ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਰੋਕਣ ਲਈ ਸਮੇਂ ਸਿਰ ਐੱਚ.ਪੀ.ਵੀ ਟੀਕਾਕਰਨ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ | ਉਨ੍ਹਾਂ ਕਿਹਾ ਕਿ ਇਹ ਜਾਗਰੂਕਤਾ ਅਤੇ ਟੀਕਾਕਰਨ ਮੁਹਿੰਮ ਨਾ ਸਿਰਫ਼ ਬੱਚਿਆਂ ਤੱਕ ਸਗੋਂ ਉਨ੍ਹਾਂ ਦੇ ਪਰਿਵਾਰਾਂ ਤੱਕ ਵੀ ਪਹੁੰਚ ਰਹੀ ਹੈ, ਜਿਸ ਨਾਲ ਵਿਆਪਕ ਸਿਹਤ ਸੁਰੱਖਿਆ ਯਕੀਨੀ ਬਣਾਈ ਜਾ ਰਹੀ ਹੈ | ਡਿਪਟੀ ਮਾਸ ਮੀਡੀਆ ਅਫ਼ਸਰ ਮਨਬੀਰ ਸਿੰਘ ਨੇ ਦੱਸਿਆ ਕਿ ਐੱਚ.ਪੀ.ਵੀ ਟੀਕਾ ਜ਼ਿਲ੍ਹੇ ਭਰ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫ਼ਤ ਉਪਲਬਧ ਹੈ | ਸਿਹਤ ਸਟਾਫ਼ ਦੀ ਅਪੀਲ ਤੋਂ ਪ੍ਰਭਾਵਿਤ ਹੋ ਕੇ ਮੌਕੇ ਤੇ ਹੀ ਮਾਪਿਆਂ ਵਲੋਂ ਆਪਣੀ ਚਾਰ ਬੱਚੀਆਂ ਨੂੰ ਐਚ.ਪੀ.ਵੀ ਟੀਕਾ ਲਗਵਾਇਆ ਗਿਆ | ਸਿਹਤ ਕਰਮੀਆਂ ਵਲੋਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਦਾ ਸਮੇਂ ਸਿਰ ਟੀਕਾਕਰਨ ਯਕੀਨੀ ਬਣਾਉਣ ਤਾਂ ਜੋ ਹਰ ਬੱਚਾ ਇਸ ਜੀਵਨ-ਰੱਖਿਅਕ ਟੀਕੇ ਦਾ ਲਾਭ ਉਠਾ ਸਕੇ |