ਫ਼ਾਜ਼ਿਲਕਾ, 26 ਮਈ (ਦਵਿੰਦਰ ਪਾਲ ਸਿੰਘ)-ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਈ 1971 ਦੀ ਜੰਗ ਦੀਆਂ ਦਰਦਨਾਕ ਯਾਦਾਂ ਅੱਜ ਵੀ ਸਰਹੱਦੀ ਖੇਤਰ ਦੇ ਕਈ ਪਰਿਵਾਰਾਂ ਦੇ ਜ਼ਿਹਨ ਵਿਚ ਤਾਜ਼ਾ ਹਨ | ਇਸੇ ਜੰਗ ਦੌਰਾਨ ਪਾਕਿਸਤਾਨ ਦੀ ਜੇਲ੍ਹ ਵਿਚ ਜਨਮੇ ਫ਼ਾਜ਼ਿਲਕਾ ਦੇ ਪਿੰਡ ਬੱਖੂਸ਼ਾਹ ਦੇ ਰੁਵੈਲ ਸਿੰਘ ਦਾ ਉਨ੍ਹਾਂ ਦੇ ਬਜ਼ੁਰਗ ਮਾਪਿਆਂ ਵਲੋਂ 58ਵਾਂ ਜਨਮ ਦਿਨ ਮਨਾਇਆ ਗਿਆ | ਹਾਲਾਂਕਿ ਰੁਵੈਲ ਸਿੰਘ ਹੁਣ ਇਸ ਦੁਨੀਆ ਵਿਚ ਨਹੀਂ ਹਨ, ਜਿਸ ਕਾਰਨ ਬਜ਼ੁਰਗ ਮਾਤਾ-ਪਿਤਾ ਨੇ ਉਨ੍ਹਾਂ ਦੀ ਤਸਵੀਰ ਗੋਦ ਵਿਚ ਲੈ ਕੇ ਭਰੇ ਮਨ ਨਾਲ ਇਹ ਦਿਨ ਯਾਦ ਕੀਤਾ | ਇਸ ਇਤਿਹਾਸਕ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਰੁਵੈਲ ਸਿੰਘ ਦੇ ਪਿਤਾ ਕਸ਼ਮੀਰਾ ਸਿੰਘ ਨੇ ਦੱਸਿਆ ਕਿ 1971 ਦੀ ਜੰਗ ਵੇਲੇ ਪਾਕਿਸਤਾਨੀ ਫ਼ੌਜ ਨੇ ਫ਼ਾਜ਼ਿਲਕਾ ਦੇ ਕਈ ਸਰਹੱਦੀ ਪਿੰਡਾਂ 'ਤੇ ਕਬਜ਼ਾ ਕਰ ਲਿਆ ਸੀ | ਉਸ ਦੌਰਾਨ ਕਈ ਪਿੰਡ ਵਾਸੀਆਂ ਨੂੰ ਬੰਦੀ ਬਣਾ ਕੇ ਪਾਕਿਸਤਾਨ ਦੀ 'ਸਾਹੀਵਾਲ ਜੇਲ੍ਹ' ਵਿਚ ਸੁੱਟ ਦਿੱਤਾ ਗਿਆ, ਜਿਨ੍ਹਾਂ ਵਿਚ ਉਨ੍ਹਾਂ ਦਾ ਪਰਿਵਾਰ ਵੀ ਸ਼ਾਮਲ ਸੀ | ਜੇਲ੍ਹ ਵਿਚ ਨਜ਼ਰਬੰਦੀ ਦੌਰਾਨ ਹੀ 26 ਮਈ 1972 ਨੂੰ ਕਸ਼ਮੀਰਾ ਸਿੰਘ ਦੀ ਪਤਨੀ ਨਾਨਕੀ ਬਾਈ ਨੇ ਇਕ ਪੁੱਤਰ ਨੂੰ ਜਨਮ ਦਿੱਤਾ, ਜਿਸ ਦਾ ਨਾਂ 'ਰੁਵੈਲ ਸਿੰਘ' ਰੱਖਿਆ ਗਿਆ | ਬਜ਼ੁਰਗ ਕਸ਼ਮੀਰਾ ਸਿੰਘ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਪਾਕਿਸਤਾਨ ਦੀ ਜੇਲ੍ਹ ਵਿਚ ਨਵਜੰਮੇ ਬੱਚੇ ਦਾ ਪਾਲਣ-ਪੋਸਣ ਕਰਨਾ ਕਿਸੇ ਵੱਡੀ ਚੁਨੌਤੀ ਤੋਂ ਘੱਟ ਨਹੀਂ ਸੀ, ਉੱਥੇ ਬਹੁਤ ਹੀ ਮੁਸ਼ਕਲ ਹਾਲਾਤ ਸਨ | ਕੁੱਝ ਸਮੇਂ ਬਾਅਦ ਉਨ੍ਹਾਂ ਨੂੰ 'ਗੁਰਦੁਆਰਾ ਰੇਤ ਸਾਹਿਬ' ਦੇ ਕੈਂਪ ਵਿਚ ਭੇਜ ਦਿੱਤਾ ਗਿਆ | ਅਖੀਰ 16 ਸਤੰਬਰ 1972 ਨੂੰ ਪਾਕਿਸਤਾਨ ਸਰਕਾਰ ਨੇ ਸਾਰੇ ਜੰਗੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ, ਜਿਸ ਤੋਂ ਬਾਅਦ ਇਹ ਪਰਿਵਾਰ ਆਪਣੇ ਮਾਸੂਮ ਬੱਚੇ ਨੂੰ ਲੈ ਕੇ ਵਾਪਸ ਫ਼ਾਜ਼ਿਲਕਾ ਪਰਤ ਆਇਆ | ਪਰਿਵਾਰ ਨੇ ਦੱਸਿਆ ਕਿ ਜੀਵਨ ਦੇ ਕਈ ਉਤਾਰ-ਚੜ੍ਹਾਅ ਦੇਖਣ ਵਾਲੇ ਰੁਵੈਲ ਸਿੰਘ ਦਾ 42 ਸਾਲ ਦੀ ਉਮਰ ਵਿਚ ਇਕ ਗੰਭੀਰ ਬਿਮਾਰੀ ਕਾਰਨ ਦਿਹਾਂਤ ਹੋ ਗਿਆ ਸੀ | ਅੱਜ ਰੁਵੈਲ ਸਿੰਘ ਦੇ ਜਨਮਦਿਨ ਦੇ ਮੌਕੇ 'ਤੇ ਜਿੱਥੇ ਪੂਰਾ ਪਰਿਵਾਰ ਗ਼ਮਗੀਨ ਸੀ, ਉੱਥੇ ਹੀ ਉਨ੍ਹਾਂ ਦੇ ਤਿੰਨ ਪੁੱਤਰਾਂ ਅਤੇ ਮਾਪਿਆਂ ਨੇ ਰੁਵੈਲ ਸਿੰਘ ਦੀ ਅਦੁੱਤੀ ਜੀਵਨ ਯਾਤਰਾ ਅਤੇ ਉਸ ਨਾਲ ਜੁੜੇ ਇਤਿਹਾਸਕ ਪਲਾਂ ਨੂੰ ਯਾਦ ਕੀਤਾ |