ਫ਼ਾਜ਼ਿਲਕਾ, 30 ਮਈ (ਅਮਰਜੀਤ ਸ਼ਰਮਾ)-ਗਾਡਵਿਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਘੱਲੂ ਵਲੋਂ ਆਯੋਜਿਤ ਦੋ ਰੋਜ਼ਾ ਆਨਲਾਈਨ ਸਮਰ ਕੈਂਪ ਉਤਸ਼ਾਹਪੂਰਵਕ ਮਾਹੌਲ ਵਿਚ ਸ਼ਾਨਦਾਰ ਤਰੀਕੇ ਨਾਲ ਸਮਾਪਤ ਹੋ ਗਿਆ | 29 ਅਤੇ 30 ਮਈ ਨੂੰ ਲਗਾਏ ਗਏ ਇਸ ਵਿਸ਼ੇਸ਼ ਕੈਂਪ 'ਚ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਵੱਖ-ਵੱਖ ਗਤੀਵਿਧੀਆਂ ਰਾਹੀਂ ਆਪਣੀ ਪ੍ਰਤਿਭਾ, ਰਚਨਾਤਮਿਕਤਾ ਅਤੇ ਆਤਮ-ਵਿਸ਼ਵਾਸ ਦਾ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਅਭਿਲੇਖ ਸ਼ਰਮਾ ਨੇ ਦੱਸਿਆ ਕਿ ਸਮਰ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਯੋਗਾ, ਵੈਦਿਕ ਮੈਥ, ਇੰਗਲਿਸ਼ ਸਪੀਕਿੰਗ, ਪੰਜਾਬੀ ਅਤੇ ਹਿੰਦੀ ਭਾਸ਼ਾ, ਕੁਕਿੰਗ ਅਤੇ ਸਾਇੰਸ ਵਰਗੇ ਵਿਸ਼ਿਆਂ ਦੀਆਂ ਰੋਚਕ ਤੇ ਗਿਆਨ ਵਰਧਕ ਗਤੀਵਿਧੀਆਂ ਨਾਲ ਜੋੜਿਆ ਗਿਆ | ਕੈਂਪ ਦੇ ਆਖ਼ਰੀ ਦਿਨ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਰਚਨਾਤਮਿਕ ਕਾਰਜਾਂ, ਗੱਲਬਾਤ ਦੇ ਹੁਨਰ ਅਤੇ ਸਿੱਖਣ ਦੇ ਉਤਸ਼ਾਹ ਨੇ ਅਧਿਆਪਕਾਂ ਅਤੇ ਮਾਪਿਆਂ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ | ਪਿ੍ੰਸੀਪਲ ਨੇ ਅੱਗੇ ਕਿਹਾ ਕਿ ਇਸ ਕੈਂਪ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਦੀ ਸਕਾਰਾਤਮਿਕ ਵਰਤੋਂ ਕਰਨ ਲਈ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਅੰਦਰ ਛਿਪੀ ਪ੍ਰਤਿਭਾ ਨੂੰ ਬਾਹਰ ਲਿਆਉਣਾ ਸੀ | ਇਸ ਮੌਕੇ ਮੈਨੇਜਿੰਗ ਕਮੇਟੀ ਮੈਂਬਰ ਮੈਡਮ ਲਖਵਿੰਦਰ ਕੌਰ ਬਰਾੜ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਬੱਚਿਆਂ ਦਾ ਸਰਵਪੱਖੀ ਵਿਕਾਸ ਹੋਣਾ ਬੇਹੱਦ ਜ਼ਰੂਰੀ ਹੈ | ਕੇਵਲ ਕਿਤਾਬੀ ਗਿਆਨ ਹੀ ਨਹੀਂ, ਸਗੋਂ ਸ਼ਖ਼ਸੀਅਤ ਦਾ ਵਿਕਾਸ, ਗੱਲਬਾਤ ਕਰਨ ਦੀ ਸਮਰੱਥਾ ਅਤੇ ਰਚਨਾਤਮਿਕ ਸੋਚ ਵੀ ਉਤਨੀ ਹੀ ਮਹੱਤਵਪੂਰਨ ਹੈ | ਉਨ੍ਹਾਂ ਕਿਹਾ ਕਿ ਇਸ ਕੈਂਪ ਰਾਹੀਂ ਬੱਚਿਆਂ ਨੂੰ ਨਵੀਆਂ ਚੀਜ਼ਾਂ ਸਿੱਖਣ ਅਤੇ ਆਤਮ-ਵਿਸ਼ਵਾਸ ਵਧਾਉਣ ਦਾ ਵਧੀਆ ਮੌਕਾ ਮਿਲਿਆ ਹੈ, ਜੋ ਉਨ੍ਹਾਂ ਦੇ ਭਵਿੱਖ ਲਈ ਲਾਹੇਵੰਦ ਸਿੱਧ ਹੋਵੇਗਾ | ਦੂਜੇ ਪਾਸੇ ਮੈਨੇਜਿੰਗ ਕਮੇਟੀ ਮੈਂਬਰ ਐਡਵੋਕੇਟ ਮਨਿੰਦਰ ਸਿੰਘ ਸਰਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਦੇ ਅੰਦਰ ਅਸੀਮ ਸੰਭਾਵਨਾਵਾਂ ਛਿਪੀਆਂ ਹੁੰਦੀਆਂ ਹਨ ਅਤੇ ਅਜਿਹੇ ਪ੍ਰੋਗਰਾਮ ਉਨ੍ਹਾਂ ਪ੍ਰਤਿਭਾਵਾਂ ਨੂੰ ਪਛਾਣਨ ਅਤੇ ਨਿਖਾਰਨ ਦਾ ਇੱਕ ਬਿਹਤਰੀਨ ਮੰਚ ਪ੍ਰਦਾਨ ਕਰਦੇ ਹਨ | ਵਿਦਿਆਰਥੀਆਂ ਨੇ ਦੋ ਦਿਨਾਂ ਦੌਰਾਨ ਜਿਸ ਅਨੁਸ਼ਾਸਨ, ਲਗਨ ਅਤੇ ਉਤਸ਼ਾਹ ਦਾ ਪ੍ਰਦਰਸ਼ਨ ਕੀਤਾ ਹੈ, ਉਹ ਉਨ੍ਹਾਂ ਦੇ ਉੱਜਵਲ ਭਵਿੱਖ ਦਾ ਸੰਕੇਤ ਹੈ | ਉਨ੍ਹਾਂ ਨੇ ਸਾਰੇ ਭਾਗੀਦਾਰ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਇਸ ਕੈਂਪ ਨੂੰ ਸਫਲ ਬਣਾਉਣ ਵਿਚ ਸਕੂਲ ਦੇ ਸਮੂਹ ਸਟਾਫ਼ ਮੈਂਬਰਾਂ ਨੇ ਭਰਪੂਰ ਸਹਿਯੋਗ ਦਿੱਤਾ |