ਬੱਲੂਆਣਾ, 30 ਮਈ (ਜਸਮੇਲ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇਰਾ ਖੇੜਾ ਵਿਖੇ ਪਿ੍ੰਸੀਪਲ ਸ੍ਰੀਮਤੀ ਦੀਪਿਕਾ ਦੀ ਅਗਵਾਈ ਹੇਠ ਅਧਿਆਪਕ-ਮਾਪੇ ਮਿਲਣੀ ਅਤੇ ਮਾਪਿਆਂ ਦੀ ਵਰਕਸ਼ਾਪ ਰਾਹੀਂ -ਸਿੱਖਿਆ ਦਾ ਮਹਾਂ ਜਸ਼ਨ' ਧੂਮ-ਧਾਮ ਨਾਲ ਮਨਾਇਆ ਗਿਆ | ਇਸ ਵਿਸ਼ੇਸ਼ ਮੌਕੇ ਨੀਤੀ ਆਯੋਗ ਵਲੋਂ ਜਾਰੀ ਰਿਪੋਰਟ ਅਨੁਸਾਰ ਪੰਜਾਬ ਦੇ ਸਕੂਲਾਂ ਦੇ ਮਿਹਨਤੀ ਅਧਿਆਪਕਾਂ ਦੀ ਹੌਸਲਾ ਅਫ਼ਜ਼ਾਈ ਪ੍ਰਸ਼ੰਸਾ ਪੱਤਰ ਦੇ ਕੇ ਕੀਤੀ ਗਈ | ਇਸ ਦੇ ਨਾਲ ਹੀ ਬੋਰਡ ਪ੍ਰੀਖਿਆਵਾਂ ਵਿਚ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਵਰਕਸ਼ਾਪ ਦੌਰਾਨ ਮਾਪਿਆਂ ਅਤੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਗਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਛੁੱਟੀਆਂ ਦੇ ਕੰਮ ਅਤੇ ਰੋਜ਼ਾਨਾ ਦੇ ਕਾਰ-ਵਿਹਾਰ ਨਾਲ ਜੋੜ ਕੇ ਰੱਖਿਆ ਜਾਵੇ, ਤਾਂ ਜੋ ਸਿੱਖਣ ਦੀ ਪ੍ਰਕਿਰਿਆ ਨਿਰੰਤਰ ਜਾਰੀ ਰਹੇ ਅਤੇ ਛੁੱਟੀਆਂ ਤੋਂ ਬਾਅਦ ਬੱਚੇ ਮੁੜ ਸਕੂਲ ਵਾਪਸੀ ਲਈ ਪੂਰੀ ਤਰ੍ਹਾਂ ਤਿਆਰ ਅਤੇ ਉਤਸ਼ਾਹਿਤ ਹੋ ਸਕਣ | ਇਸ ਵਰਕਸ਼ਾਪ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਮੁੱਖ ਮਹਿਮਾਨ ਪਿੰਡ ਦੇ ਸਰਪੰਚ ਅਤੇ ਐੱਸ.ਐਮ.ਸੀ. ਮੈਂਬਰਾਂ ਦਾ ਸਕੂਲ ਪਿ੍ੰਸੀਪਲ ਅਤੇ ਹਿਸਟਰੀ ਲੈਕਚਰਾਰ ਚਿਮਨ ਲਾਲ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਮੰਚ ਸੰਚਾਲਨ ਦੀ ਭੂਮਿਕਾ ਅੰਗਰੇਜ਼ੀ ਮਿਸਟਰੈੱਸ ਸ੍ਰੀਮਤੀ ਪਾਇਲ ਰਾਣੀ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ ਗਈ | ਵਰਕਸ਼ਾਪ ਦੇ ਅਖੀਰ ਵਿਚ ਪਿ੍ੰਸੀਪਲ ਸ੍ਰੀਮਤੀ ਦੀਪਿਕਾ ਨੇ ਵਿਦਿਆਰਥੀਆਂ ਨੂੰ ਛੁੱਟੀਆਂ ਦਾ ਕੰਮ ਲਗਨ ਨਾਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਸਕੂਲ ਪਹੁੰਚੇ ਸਮੂਹ ਮਾਪਿਆਂ ਦਾ ਤਹਿ ਦਿਲੋਂ ਸਵਾਗਤ ਤੇ ਧੰਨਵਾਦ ਕੀਤਾ |