ਅਬੋਹਰ, 1 ਜੂਨ (ਵਿਵੇਕ ਹੂੜੀਆ)-ਅਬੋਹਰ ਪੁਲਿਸ ਨੂੰ ਉਸ ਸਮੇਂ ਇਕ ਵੱਡੀ ਸਫਲਤਾ ਹਾਸਲ ਹੋਈ ਜਦੋਂ ਥਾਣਾ ਸਿਟੀ-1 ਦੀ ਪੁਲਿਸ ਟੀਮ ਨੇ ਮੁਖ਼ਬਰ ਦੀ ਇਤਲਾਹ 'ਤੇ ਸ਼ਹਿਰ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਸਰਗਰਮ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰ ਲਿਆ | ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਚੋਰੀ ਕੀਤੇ ਮੋਟਰਸਾਈਕਲ, ਗੈੱਸ ਸਿਲੰਡਰ ਅਤੇ ਐਲ.ਸੀ.ਡੀ. ਬਰਾਮਦ ਕੀਤੀ ਹੈ | ਫੜੇ ਗਏ ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ-1 ਦੇ ਐੱਸ.ਐੱਚ.ਓ ਮਨਿੰਦਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਮੋਹਨ ਲਾਲ ਅਤੇ ਉਨ੍ਹਾਂ ਦੀ ਪੁਲਿਸ ਟੀਮ ਨੇ ਬਹਾਵਲਵਾਸੀ ਲਿੰਕ ਰੋਡ 'ਤੇ ਨਾਕਾਬੰਦੀ ਦੌਰਾਨ ਖ਼ਾਸ ਮੁਖ਼ਬਰ ਦੀ ਸੂਚਨਾ 'ਤੇ ਕਾਰਵਾਈ ਕਰਦਿਆਂ ਪੰਜਪੀਰ ਨਗਰ ਦੇ ਰਹਿਣ ਵਾਲੇ ਸੰਨ੍ਹੀ ਪੁੱਤਰ ਸਤਨਾਮ ਸਿੰਘ, ਪਿ੍ਤਪਾਲ ਸਿੰਘ ਪੁੱਤਰ ਗੁਰਚਰਨ ਸਿੰਘ, ਹਰਜੀਤ ਉਰਫ਼ ਪ੍ਰੀਤ ਪੁੱਤਰ ਜਗਜੀਤ ਅਤੇ ਅਨਮੋਲ ਪੁੱਤਰ ਜਗਸੀਰ ਨੂੰ ਕਾਬੂ ਕੀਤਾ ਹੈ | ਇਹ ਚਾਰੇ ਮੁਲਜ਼ਮ ਚੋਰੀਆਂ ਕਰਨ ਦੇ ਆਦੀ ਹਨ | ਥਾਣਾ ਇੰਚਾਰਜ ਨੇ ਦੱਸਿਆ ਕਿ ਫੜੇ ਗਏ ਗਰੋਹ ਦੇ ਨੌਜਵਾਨਾਂ ਕੋਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚੋਂ ਚੋਰੀ ਕੀਤੇ 6 ਮੋਟਰਸਾਈਕਲ, 5 ਗੈੱਸ ਸਿਲੰਡਰ ਅਤੇ ਇਕ ਐਲ.ਈ.ਡੀ. ਬਰਾਮਦ ਹੋਈ ਹੈ | ਇਹ ਐਲ.ਈ.ਡੀ. ਮੁਲਜ਼ਮਾਂ ਨੇ ਬੀਤੇ ਦਿਨ ਹੀ ਮਲੋਟ ਰੋਡ ਪੁਲ ਦੇ ਹੇਠਾਂ ਸਥਿਤ ਇੱਕ ਹੋਟਲ ਵਿਚੋਂ ਚੋਰੀ ਕੀਤੀ ਸੀ, ਜਿਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ | ਇਸ ਤੋਂ ਇਲਾਵਾ ਬਰਾਮਦ ਕੀਤੇ ਗਏ ਗੈੱਸ ਸਿਲੰਡਰ ਇਨ੍ਹਾਂ ਨੇ ਦਿਆਲ ਨਗਰੀ ਅਬੋਹਰ ਵਿਚੋਂ ਚੋਰੀ ਕੀਤੇ ਸਨ | ਪੁਲਿਸ ਵਲੋਂ ਚਾਰਾਂ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ | ਥਾਣਾ ਮੁਖੀ ਨੇ ਅੱਗੇ ਦੱਸਿਆ ਕਿ ਫੜੇ ਗਏ ਨੌਜਵਾਨਾਂ 'ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ | ਇਨ੍ਹਾਂ ਨੂੰ ਰਿਮਾਂਡ 'ਤੇ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਨਾਲ ਹੋਰ ਵੀ ਕਈ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਮੋਟਰਸਾਈਕਲ ਚੋਰੀ ਹੋਏ ਸਨ, ਉਨ੍ਹਾਂ ਵਿਚੋਂ ਤਿੰਨ ਅਸਲ ਮਾਲਕਾਂ ਦਾ ਪਤਾ ਲਗਾ ਲਿਆ ਗਿਆ ਹੈ | ਉਨ੍ਹਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜਲਦ ਹੀ ਅਦਾਲਤੀ ਪ੍ਰਕਿਰਿਆ ਰਾਹੀਂ ਉਨ੍ਹਾਂ ਦੇ ਵਾਹਨ ਵਾਪਸ ਕਰ ਦਿੱਤੇ ਜਾਣਗੇ |