ਮੰਡੀ ਘੁਬਾਇਆ, 1 ਜੂਨ (ਅਮਨ ਬਵੇਜਾ)-ਪਿੰਡ ਘੁਬਾਇਆ ਦੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਘੁਬਾਇਆ ਅਤੇ ਉਨ੍ਹਾਂ ਦੀ ਪਤਨੀ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ, ਸੀ.ਪੀ.ਆਈ.ਦੇ ਅਹੁਦੇਦਾਰਾਂ ਅਤੇ ਪਿੰਡ ਵਾਸੀਆਂ ਵਲੋਂ ਘੁਬਾਇਆ ਪੁਲਿਸ ਚੌਕੀ ਦੇ ਬਾਹਰ ਧਰਨਾ ਦੇ ਕੇ ਰੋਸ ਪ੍ਰਗਟਾਇਆ ਗਿਆ | ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪਿੰਡ ਚੱਕ ਘੁਬਾਇਆ ਦੀ ਪੰਚਾਇਤ ਵਲੋਂ ਪਿੰਡ ਵਿਚ ਸਰਕਾਰ ਵਲੋਂ ਬਣਾਈ ਜਾ ਰਹੀ ਲਾਇਬ੍ਰੇਰੀ ਵਿਚ ਬਾਥਰੂਮ ਬਣਾਇਆ ਜਾ ਰਿਹਾ ਸੀ | ਜਿੱਥੇ 2500 ਦੇ ਕਰੀਬ ਇੱਟ, ਰੇਤਾ, ਬਜਰੀ ਅਤੇ ਹੋਰ ਸਮਾਨ ਪਿਆ ਸੀ ਜੋ ਚੋਰੀ ਹੋ ਗਿਆ | ਜਦੋਂ ਪਿੰਡ ਦੀ ਪੰਚਾਇਤ ਨੇ ਇਸ ਸਬੰਧੀ ਉਕਤ ਪਤੀ-ਪਤਨੀ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਵਲੋਂ ਕੋਈ ਤਸੱਲੀਬਖ਼ਸ਼ ਜਵਾਬ ਨਾ ਮਿਲਣ 'ਤੇ ਪਿੰਡ ਦੀ ਪੰਚਾਇਤ ਨੇ ਥਾਣਾ ਸਦਰ ਜਲਾਲਾਬਾਦ ਵਿਖੇ ਦਰਖਾਸਤ ਦੇ ਕੇ ਉਕਤ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ | ਜਿਸ ਤੋਂ ਬਾਅਦ ਥਾਣਾ ਸਦਰ ਜਲਾਲਾਬਾਦ ਵਿਖੇ ਐਫ.ਆਈ.ਆਰ ਨੰਬਰ 88 ਮਿਤੀ 7/5/2026 ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਹੋਇਆ ਹੋਇਆ ਸੀ | ਧਰਨਾਕਾਰੀਆਂ ਦਾ ਕਹਿਣਾ ਹੈ ਕਿ ਬਲਵਿੰਦਰ ਘੁਬਾਇਆ ਅਤੇ ਉਨ੍ਹਾਂ ਦੀ ਪਤਨੀ ਲੰਬੇ ਸਮੇਂ ਤੋਂ ਸਮਾਜ ਭਲਾਈ ਦੇ ਕੰਮਾਂ ਨਾਲ ਜੁੜੇ ਹੋਏ ਹਨ | ਉਨ੍ਹਾਂ ਖ਼ਿਲਾਫ਼ ਦਰਜ ਕੀਤਾ ਗਿਆ ਮਾਮਲਾ ਬੇਬੁਨਿਆਦ ਹੈ ਅਤੇ ਪੁਲਿਸ ਵਲੋਂ ਕੀਤੀ ਜਾ ਰਹੀ ਕਾਰਵਾਈ ਨਿਰਪੱਖ ਨਹੀਂ ਹੈ | ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਬਲਵਿੰਦਰ ਸਿੰਘ ਨੇ ਆਪਣੇ ਉੱਪਰ ਦਰਜ ਮੁਕੱਦਮੇ ਦੀ ਮੁੜ ਤੋਂ ਇਨਕੁਆਰੀ ਲਈ ਜ਼ਿਲ੍ਹਾ ਪੁਲਸ ਮੁਖੀ ਨੂੰ ਦਰਖਾਸਤ ਦਿੱਤੀ ਹੋਈ ਸੀ, ਜੋ ਕਿ ਐੱਸ.ਪੀ. ਹੈੱਡਕੁਆਟਰ ਕੋਲ ਚੱਲ ਰਹੀ ਸੀ ਅਤੇ ਅੱਜ ਉਨ੍ਹਾਂ ਨੂੰ ਬਿਆਨ ਦਰਜ ਕਰਵਾਉਣ ਲਈ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੇ ਬੁਲਾਇਆ ਸੀ, ਪਰ ਉਸ ਤੋਂ ਪਹਿਲਾਂ ਸਿਆਸੀ ਦਬਾਅ ਦੇ ਚੱਲਦਿਆਂ ਉਕਤ ਪਤੀ-ਪਤਨੀ ਨੂੰ ਸਵੇਰੇ ਘਰ ਤੋਂ ਘੁਬਾਇਆ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ | ਧਰਨੇ ਦੌਰਾਨ ਵੱਖ-ਵੱਖ ਸਮਾਜਿਕ ਜਥੇਬੰਦੀਆਂ ਅਤੇ ਪਿੰਡ ਵਾਸੀ ਹਾਜ਼ਰ ਸਨ | ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਬਿਨਾਂ ਪੂਰੀ ਜਾਂਚ ਕਿਸੇ ਵੀ ਤਰ੍ਹਾਂ ਦੀ ਗਿ੍ਫ਼ਤਾਰੀ ਨਾ ਪਾਈ ਜਾਵੇ | ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੁਲਿਸ ਫਿਰ ਵੀ ਵਧੀਕੀ ਕਰਦੀ ਹੈ ਤਾਂ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ | ਇਸ ਸਬੰਧੀ ਜਦੋਂ ਡੀ.ਐੱਸ.ਪੀ. ਗੁਰਸੇਵਕ ਸਿੰਘ ਨਾਲ ਗੱਲ ਕੀਤੀ ਤਾਂ ਦੱਸਿਆ ਗਿਆ ਕਿ ਇਸ ਮਾਮਲੇ ਸਬੰਧੀ ਚੱਲ ਰਹੀ ਇਨਕੁਆਰੀ ਬਾਰੇ ਉਨ੍ਹਾਂ ਨੂੰ ਨਹੀਂ ਪਤਾ, ਉਹ ਮੌਕੇ 'ਤੇ ਜਾ ਰਹੇ ਹਨ ਅਤੇ ਜਾ ਕੇ ਹੀ ਦੱਸ ਸਕਦੇ ਹਨ |