10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਫ਼ਾਜ਼ਿਲਕਾ ਦੀਆਂ ਧੀਆਂ ਲਈ ਸਿਹਤ ਵਿਭਾਗ ਦਾ ਵਿਸ਼ੇਸ਼ ਤੋਹਫ਼ਾ, ਐੱਚ.ਪੀ.ਵੀ. ਟੀਕਾਕਰਨ ਮੁਹਿੰਮ 'ਚ 90 ਦਿਨਾਂ ਦਾ ਵਾਧਾ

Ad Position 21
No active advertisement
ਅਜੀਤ ਡੈਸਕ 02-06-2026
ਫ਼ਾਜ਼ਿਲਕਾ, 1 ਜੂਨ (ਦਵਿੰਦਰ ਪਾਲ ਸਿੰਘ)-ਸਿਵਲ ਸਰਜਨ ਡਾ.ਕਵਿਤਾ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੀ ਰੋਕਥਾਮ ਲਈ ਚਲਾਈ ਜਾ ਰਹੀ ਐੱਚ.ਪੀ.ਵੀ. ਟੀਕਾਕਰਨ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਵੱਡਾ ਕਦਮ ਚੁੱਕਿਆ ਗਿਆ ਹੈ | ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਇਸ ਮੁਹਿੰਮ ਦੀ ਮਿਆਦ ਵਿਚ 90 ਦਿਨਾਂ ਦਾ ਵਾਧਾ ਕਰਕੇ ਇਸ ਨੂੰ 31 ਅਗਸਤ ਤੱਕ ਵਧਾ ਦਿੱਤਾ ਗਿਆ ਹੈ | ਇਸ ਦਾ ਮੁੱਖ ਉਦੇਸ਼ ਬਾਕੀ ਰਹਿ ਗਈਆਂ ਯੋਗ ਲੜਕੀਆਂ ਨੂੰ ਟੀਕਾਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਰਿੰਕੂ ਚਾਵਲਾ ਨੇ ਦੱਸਿਆ ਕਿ ਇਹ ਮੁਹਿੰਮ 28 ਫਰਵਰੀ ਨੂੰ ਸ਼ੁਰੂ ਕੀਤੀ ਗਈ ਸੀ | ਇਸ ਤਹਿਤ 14 ਤੋਂ 15 ਸਾਲ ਦੀ ਉਮਰ ਦੀਆਂ ਲੜਕੀਆਂ ਨੂੰ ਐੱਚ.ਪੀ.ਵੀ. ਵੈਕਸੀਨ ਲਗਾਈ ਜਾ ਰਹੀ ਹੈ | ਵਧਾਈ ਗਈ ਮਿਆਦ ਦੌਰਾਨ ਸਿਰਫ਼ ਉਹ ਲੜਕੀਆਂ ਟੀਕਾਕਰਨ ਲਈ ਯੋਗ ਹੋਣਗੀਆਂ, ਜਿਨ੍ਹਾਂ ਨੇ ਆਪਣਾ 14ਵਾਂ ਜਨਮ ਦਿਨ ਮਨਾ ਲਿਆ ਹੈ ਪਰ ਅਜੇ 15 ਸਾਲ ਦੀ ਉਮਰ ਪੂਰੀ ਨਹੀਂ ਕੀਤੀ | ਟੀਕਾਕਰਨ ਲਈ ਮਾਪਿਆਂ ਦੀ ਸਹਿਮਤੀ ਲਾਜ਼ਮੀ ਹੈ, ਜੋ ਮੋਬਾਈਲ 'ਤੇ ਆਉਣ ਵਾਲੇ ਓ.ਟੀ.ਪੀ.ਜਾਂ ਸਹਿਮਤੀ ਪੱਤਰ 'ਤੇ ਦਸਤਖ਼ਤ ਕਰਕੇ ਦਿੱਤੀ ਜਾ ਸਕਦੀ ਹੈ | ਇਹ ਫਾਰਮ ਜ਼ਿਲ੍ਹਾ ਟੀਕਾਕਰਨ ਅਫ਼ਸਰ ਦੇ ਦਫ਼ਤਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ | ਰਜਿਸਟਰੇਸ਼ਨ ਅਤੇ ਟੀਕਾਕਰਨ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਯੋਗ ਲੜਕੀਆਂ ਆਪਣੇ ਨਾਲ ਪਛਾਣ ਪੱਤਰ ਜ਼ਰੂਰ ਲੈ ਕੇ ਆਉਣ | ਡਾ.ਰਿੰਕੂ ਨੇ ਦੱਸਿਆ ਕਿ ਦੁਨੀਆ ਭਰ ਵਿਚ ਐੱਚ.ਪੀ.ਵੀ.ਦੀਆਂ 200 ਤੋਂ ਵੱਧ ਕਿਸਮਾਂ ਹਨ, ਜਿਨ੍ਹਾਂ ਵਿਚੋਂ ਟਾਈਪ-16 ਅਤੇ ਟਾਈਪ-18 ਭਾਰਤ ਵਿਚ ਸਰਵਾਈਕਲ ਕੈਂਸਰ ਦੇ ਜ਼ਿਆਦਾਤਰ ਮਾਮਲਿਆਂ ਲਈ ਜ਼ਿੰਮੇਵਾਰ ਹਨ | ਸਰਕਾਰ ਵਲੋਂ ਲਗਾਈ ਜਾ ਰਹੀ ਵੈਕਸੀਨ ਇਸ ਵਾਇਰਸ ਦੀਆਂ ਚਾਰ ਮਹੱਤਵਪੂਰਨ ਕਿਸਮਾਂ ਦੇ ਖ਼ਿਲਾਫ਼ ਸੁਰੱਖਿਆ ਪ੍ਰਦਾਨ ਕਰਦੀ ਹੈ | ਇਹ ਵਿਸ਼ਵ ਸਿਹਤ ਸੰਗਠਨ ਅਤੇ ਭਾਰਤ ਸਰਕਾਰ ਵਲੋਂ ਪ੍ਰਮਾਣਿਤ, ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ | ਜ਼ਿਲ੍ਹਾ ਫ਼ਾਜ਼ਿਲਕਾ ਵਿਚ ਹੁਣ ਤੱਕ ਲਗਭਗ 20 ਪ੍ਰਤੀਸ਼ਤ ਯੋਗ ਲੜਕੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ | ਇਸ ਕਵਰੇਜ ਨੂੰ ਹੋਰ ਵਧਾਉਣ ਲਈ ਮਾਸ ਮੀਡੀਆ ਵਿੰਗ ਵਲੋਂ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ | ਡਾ. ਚਾਵਲਾ ਨੇ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਵਿਚ ਸਿੱਖਿਆ ਵਿਭਾਗ, ਸਕੂਲ ਪ੍ਰਬੰਧਕਾਂ ਅਤੇ ਆਸ਼ਾ ਵਰਕਰਾਂ ਦਾ ਸਹਿਯੋਗ ਬਹੁਤ ਅਹਿਮ ਹੈ | ਆਸ਼ਾ ਵਰਕਰਾਂ ਵਲੋਂ ਘਰ-ਘਰ ਜਾ ਕੇ ਯੋਗ ਲੜਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਮਾਪਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਉਨ੍ਹਾਂ ਅਪੀਲ ਕੀਤੀ ਕਿ ਫ਼ਾਜ਼ਿਲਕਾ ਦੀਆਂ ਧੀਆਂ ਦੀ ਸਿਹਤ ਸੁਰੱਖਿਆ ਲਈ ਮਾਪੇ ਅੱਗੇ ਆਉਣ ਅਤੇ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਉਣ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਰੋੜਵੰਸ਼ ਵੈੱਲਫੇਅਰ ਸੁਸਾਇਟੀ ਫ਼ਾਜ਼ਿਲਕਾ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ ਜੈਅੰਤੀ ਅਗਲੀ ਖ਼ਬਰ ਸ੍ਰੀ ਅਰੋੜਵੰਸ਼ ਵੈੱਲਫੇਅਰ ਸੁਸਾਇਟੀ ਫ਼ਾਜ਼ਿਲਕਾ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ ਜੈਅੰਤੀ
Ad Position 24