ਅਬੋਹਰ, 2 ਜੂਨ (ਵਿਵੇਕ ਹੂੜੀਆ)-ਭਾਰਤ ਵਿਕਾਸ ਪਰਿਸ਼ਦ ਸ਼ਾਖਾ ਅਬੋਹਰ ਵਲੋਂ ਸਥਾਨਕ ਬਾਲਾ ਜੀ ਸਤਿਸੰਗ ਭਵਨ ਵਿਖੇ ਪਰਿਵਾਰ ਮਿਲਣ ਅਤੇ ਸ਼ਪਥ ਗ੍ਰਹਿਣ ਸਮਾਰੋਹ ਸ਼ਰਧਾ ਨਾਲ ਆਯੋਜਿਤ ਕੀਤਾ ਗਿਆ | ਪ੍ਰੋਗਰਾਮ ਵਿਚ ਪਰਿਸ਼ਦ ਪਰਿਵਾਰ ਦੇ ਲਗਭਗ 200 ਮੈਂਬਰਾਂ ਨੇ ਸ਼ਿਰਕਤ ਕੀਤੀ | ਸਮਾਰੋਹ ਦੀ ਪ੍ਰਧਾਨਗੀ ਪ੍ਰਾਂਤਿਕ ਜਨਰਲ ਸਕੱਤਰ ਰਾਜਿੰਦਰ ਪਪਨੇਜਾ ਨੇ ਕੀਤੀ, ਜਦਕਿ ਮੁੱਖ ਮਹਿਮਾਨ ਵਜੋਂ ਡਾ.ਰਿਸ਼ੀ ਨਾਰੰਗ, ਅਰੋੜਵੰਸ਼ ਸਭਾ ਦੇ ਪ੍ਰਧਾਨ ਅਤੇ ਸੰਜੇ ਗੋਇਲ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਾਖਾ ਪ੍ਰਧਾਨ ਕਾਲੀ ਈਸ਼ਪੁਜਾਨੀ ਨੇ ਕਿਹਾ ਕਿ ਅੱਜ-ਕੱਲ੍ਹ ਦੀ ਰੁੱਝੀ ਹੋਈ ਜੀਵਨ ਸ਼ੈਲੀ ਦੇ ਵਿਚਕਾਰ ਪਰਿਵਾਰ ਮਿਲਣ ਵਰਗੇ ਆਯੋਜਨ ਮੈਂਬਰਾਂ ਨੂੰ ਇਕ-ਦੂਜੇ ਦੇ ਨਜ਼ਦੀਕ ਲਿਆਉਣ ਅਤੇ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਪ੍ਰੋਗਰਾਮ ਦੌਰਾਨ ਬੱਚਿਆਂ ਵਲੋਂ ਦੇਸ਼ ਭਗਤੀ ਦੇ ਗੀਤਾਂ ਅਤੇ ਭਜਨਾਂ 'ਤੇ ਮਨਮੋਹਕ ਪੇਸ਼ਕਾਰੀਆਂ ਦਿੱਤੀਆਂ ਗਈਆਂ | ਇਸ ਦੇ ਨਾਲ ਹੀ ਪ੍ਰਵੀਨ ਚਾਵਲਾ ਵਲੋਂ ਗਿਆਨ ਵਰਧਕ ਕੁਇਜ਼, ਭਾਰਤ ਗੋਇਲ, ਸਵਾਤੀ ਗੋਇਲ, ਸਨਮ ਚਾਵਲਾ ਤੇ ਨਿਕਿਤਾ ਚਾਵਲਾ ਵਲੋਂ ਕਪਲ ਗੇਮ ਅਤੇ ਅਣੂ ਸਿੰਗਲਾ ਤੇ ਰਿਤੂ ਗਰਗ ਵਲੋਂ ਤੰਬੋਲਾ ਗੇਮ ਕਰਵਾਈ ਗਈ, ਜਿਸ ਦਾ ਸਾਰਿਆਂ ਨੇ ਭਰਪੂਰ ਅਨੰਦ ਮਾਣਿਆ | ਸਮਾਰੋਹ ਦੌਰਾਨ ਇਸੇ ਸਾਲ ਵਿਆਹ ਦੇ ਬੰਧਨ ਵਿਚ ਬੱਝੇ ਪਰਿਸ਼ਦ ਪਰਿਵਾਰ ਦੇ ਬੱਚਿਆਂ ਨੂੰ ਰਾਸ਼ਟਰੀ ਸੰਸਕਾਰ ਗਤੀਵਿਧੀ ਦੇ ਕੋਆਰਡੀਨੇਟਰ ਸੰਦੀਪ ਵਾਟਸ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਦੇ ਨਾਲ ਹੀ ਬੋਰਡ ਪ੍ਰੀਖਿਆਵਾਂ ਵਿਚ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਇਲਾਕੇ ਦਾ ਨਾਂ ਰੌਸ਼ਨ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਸਨਮਾਨ ਪੱਤਰ ਦਿੱਤੇ ਗਏ | ਪ੍ਰਾਂਤਿਕ ਜਨਰਲ ਸਕੱਤਰ ਰਾਜਿੰਦਰ ਪੁਪਨੇਜਾ ਨੇ ਨਵੀਂ ਚੁਣੀ ਗਈ ਕਾਰਜਕਾਰਨੀ ਟੀਮ ਨੂੰ ਪੂਰੀ ਨਿਸ਼ਠਾ ਨਾਲ ਸੇਵਾ ਕਰਨ ਦੀ ਸਹੁੰ ਚੁਕਾਈ, ਜਦਕਿ ਮਨੋਜ ਅਗਰਵਾਲ ਨੇ ਨਵੇਂ ਬਣੇ ਮੈਂਬਰਾਂ ਨੂੰ ਪਰਿਸ਼ਦ ਦੀ ਮੈਂਬਰਸ਼ਿਪ ਦੀ ਸਹੁੰ ਦਿਵਾਈ | ਪ੍ਰਾਂਤਿਕ ਸੰਸਕਾਰ ਗਤੀਵਿਧੀ ਕੋਆਰਡੀਨੇਟਰ ਵਿਕਟਰ ਛਾਬੜਾ ਨੇ ਪਰਿਸ਼ਦ ਦੀ ਸਥਾਪਨਾ, ਇਤਿਹਾਸ ਅਤੇ ਇਸ ਦੇ ਮੁੱਖ ਉਦੇਸ਼ਾਂ 'ਤੇ ਵਿਸਥਾਰਪੂਰਵਕ ਚਾਨਣਾ ਪਾਇਆ | ਇਸ ਪ੍ਰੋਗਰਾਮ ਦੇ ਇੰਚਾਰਜ ਰਵੀਕਾਂਤ ਗਰਗ ਰਹੇ, ਜਦਕਿ ਸਟੇਜ ਸੰਚਾਲਨ ਭਾਰਤ ਗੋਇਲ, ਰੇਖਾ ਈਸ਼ਪੁਜਾਨੀ, ਸ਼ਵੇਤਾ ਬਾਂਸਲ ਅਤੇ ਕੁਸੁਮ ਬਠਲਾ ਵਲੋਂ ਸਾਂਝੇ ਤੌਰ 'ਤੇ ਬਾਖ਼ੂਬੀ ਕੀਤਾ ਗਿਆ | ਇਸ ਮੌਕੇ ਪ੍ਰਧਾਨ ਕਾਲੀ ਈਸ਼ਪੁਜਾਨੀ ਨੇ ਪਿਛਲੇ ਦੋ ਸਾਲਾਂ ਦੌਰਾਨ ਸ਼ਾਖਾ ਦਾ ਸਫਲ ਸੰਚਾਲਨ ਕਰਨ ਵਾਲੀ ਅਗਰਦੂਤ ਟੀਮ ਦੇ ਮੈਂਬਰਾਂ ਭਾਰਤ ਗੋਇਲ, ਸਾਹਿਲ ਮਿੱਤਲ ਅਤੇ ਰਾਕੇਸ਼ ਨਾਗੌਰੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਮੁੱਖ ਮਹਿਮਾਨ ਡਾ.ਰਿਸ਼ੀ ਨਾਰੰਗ ਅਤੇ ਸੰਜੇ ਗੋਇਲ ਨੇ ਭਾਰਤ ਵਿਕਾਸ ਪਰਿਸ਼ਦ ਵਲੋਂ ਕੀਤੇ ਜਾ ਰਹੇ ਸਮਾਜਿਕ ਅਤੇ ਸਭਿਆਚਾਰਕ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ | ਸਮਾਰੋਹ ਵਿਚ ਫ਼ਾਜ਼ਿਲਕਾ ਅਤੇ ਮਲੋਟ ਸ਼ਾਖਾ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ | ਅਖੀਰ ਵਿਚ ਪ੍ਰਧਾਨ ਕਾਲੀ ਈਸ਼ਪੁਜਾਨੀ ਨੇ ਸਮੂਹ ਮੈਂਬਰਾਂ ਅਤੇ ਮਾਤਰ-ਸ਼ਕਤੀ ਦਾ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਧੰਨਵਾਦ ਪ੍ਰਗਟਾਇਆ |