ਫ਼ਾਜ਼ਿਲਕਾ ਸ਼ਹਿਰ 'ਚ 12,199 ਵੋਟਾਂ ਲੈ ਕੇ ਆਮ ਆਦਮੀ ਪਾਰਟੀ ਰਹੀ ਪਹਿਲੇ ਨੰਬਰ 'ਤੇ-ਵਿਧਾਇਕ ਸਵਨਾ
ਅਜੀਤ ਡੈਸਕ
03-06-2026
ਫ਼ਾਜ਼ਿਲਕਾ, 2 ਜੂਨ (ਦਵਿੰਦਰ ਪਾਲ ਸਿੰਘ)-ਹਾਲ ਹੀ ਵਿਚ ਸੰਪੰਨ ਹੋਈਆਂ ਸਥਾਨਕ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵਲੋਂ ਪਾਰਟੀ ਦਫ਼ਤਰ ਵਿਖੇ ਨਵ-ਨਿਯੁਕਤ ਕੌਂਸਲਰਾਂ, ਚੋਣ ਲੜਨ ਵਾਲੇ ਉਮੀਦਵਾਰਾਂ ਅਤੇ ਅਣਥੱਕ ਮਿਹਨਤ ਕਰਨ ਵਾਲੇ ਵਰਕਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਵਿਧਾਇਕ ਸਵਨਾ ਨੇ ਦੱਸਿਆ ਕਿ ਸ਼ਾਂਤੀਪੂਰਨ ਢੰਗ ਨਾਲ ਹੋਈਆਂ ਚੋਣਾਂ ਦੇ ਬਾਵਜੂਦ ਆਮ ਆਦਮੀ ਪਾਰਟੀ ਪੂਰੇ ਫ਼ਾਜ਼ਿਲਕਾ ਸ਼ਹਿਰ ਵਿਚ 12,199 ਵੋਟਾਂ ਹਾਸਲ ਕਰਕੇ ਸਭ ਤੋਂ ਵੱਡੀ ਪਾਰਟੀ ਵਜੋਂ ਪਹਿਲੇ ਨੰਬਰ 'ਤੇ ਉੱਭਰੀ ਹੈ | ਉਨ੍ਹਾਂ ਕਿਹਾ ਕਿ ਹੁਣ ਸਾਡੇ ਕੋਲ ਪੂਰਾ ਸਮਾਂ ਹੈ, ਚੋਣਾਂ ਦੌਰਾਨ ਜਿੱਥੇ ਵੀ ਕੋਈ ਕਮੀ ਰਹਿ ਗਈ ਹੈ, ਉਸ ਨੂੰ ਜਲਦ ਹੀ ਦੂਰ ਕੀਤਾ ਜਾਵੇਗਾ | ਵਿਰੋਧੀਆਂ 'ਤੇ ਤਿੱਖੇ ਸਿਆਸੀ ਹਮਲੇ ਕਰਦਿਆਂ ਵਿਧਾਇਕ ਸਵਨਾ ਨੇ ਕਿਹਾ ਕਿ ਜੇਕਰ ਅਸੀਂ ਚਾਹੁੰਦੇ ਤਾਂ ਪਿਛਲੀਆਂ ਸਰਕਾਰਾਂ ਵਾਂਗ ਵੋਟਾਂ ਵਾਲੇ ਦਿਨ ਧੱਕੇਸ਼ਾਹੀ ਕਰਕੇ ਹੋਰ ਸੀਟਾਂ ਜਿੱਤ ਸਕਦੇ ਸੀ ਪਰ ਫ਼ਾਜ਼ਿਲਕਾ ਮੇਰਾ ਪਰਿਵਾਰ ਹੈ ਅਤੇ ਮੈਂ ਆਪਣੇ ਪਰਿਵਾਰ ਵਿਚ ਕੋਈ ਲੜਾਈ-ਝਗੜਾ ਨਹੀਂ ਕਰਵਾਉਣਾ ਚਾਹੁੰਦਾ ਸੀ, ਇਸੇ ਲਈ ਅਸੀਂ ਪੂਰੀ ਪਾਰਦਰਸ਼ਤਾ ਅਤੇ ਸ਼ਾਂਤੀਪੂਰਨ ਮਾਹੌਲ ਵਿਚ ਚੋਣਾਂ ਕਰਵਾਈਆਂ |
ਵਿਧਾਇਕ ਸਵਨਾ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਕਾਂਗਰਸ ਅਤੇ ਭਾਜਪਾ ਨੇ ਆਪਸੀ ਗੱਠਜੋੜ ਕਰਕੇ ਫ਼ਾਜ਼ਿਲਕਾ ਸ਼ਹਿਰ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਵਿਰੋਧੀਆਂ ਦੇ ਇਨ੍ਹਾਂ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ | ਉਹ ਸ਼ਹਿਰ ਦੀ ਤਰੱਕੀ ਅਤੇ ਲੋਕਾਂ ਦੀ ਭਲਾਈ ਲਈ ਪਹਿਲਾਂ ਵਾਂਗ ਹੀ ਪੂਰੀ ਲਗਨ ਨਾਲ ਕੰਮ ਕਰਦੇ ਰਹਿਣਗੇ | ਉਨ੍ਹਾਂ ਐਲਾਨ ਕੀਤਾ ਕਿ ਉਹ ਦੁਬਾਰਾ ਜਨਤਾ ਦੀ ਕਚਹਿਰੀ ਵਿਚ ਜਾਣਗੇ ਅਤੇ ਲੋਕਾਂ ਦੇ ਰੂ-ਬਰੂ ਹੋ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਮੌਕੇ 'ਤੇ ਨਿਪਟਾਰਾ ਕਰਨਗੇ |