ਮਾਨਸਾ, 2 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਵਲੋਂ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਰੋਸ ਧਰਨਾ ਲਗਾਇਆ ਗਿਆ | ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਕੇਂਦਰ ਤੇ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ | ਉਨ੍ਹਾਂ ਕਿਹਾ ਕਿ ਖੇਤੀ ਖੇਤਰ ਦੇਸ਼ ਦੀ 60 ਪ੍ਰਤੀਸ਼ਤ ਆਬਾਦੀ ਦੀ ਉਪਜੀਵਕਾ ਦਾ ਸਾਧਨ ਹੈ ਅਤੇ 46 ਪ੍ਰਤੀਸ਼ਤ ਆਬਾਦੀ ਸਿੱਧੇ ਤੌਰ 'ਤੇ ਖੇਤੀ ਕਿੱਤੇ 'ਚ ਲੱਗੀ ਹੋਈ ਹੈ, ਜਦਕਿ ਇਹ ਖੇਤਰ ਗੰਭੀਰ ਸੰਕਟ ਦਾ ਸ਼ਿਕਾਰ ਹੈ | ਉਨ੍ਹਾਂ ਕਿਹਾ ਕਿ ਰਾਜ ਨੂੰ ਸੰਕਟ 'ਚੋਂ ਕੱਢਣ ਲਈ ਕੇਂਦਰ ਸਰਕਾਰ ਅਤੇ ਸਰਕਾਰ ਦੇ ਪੱਧਰ 'ਤੇ ਬਹੁਪੱਖੀ ਕਦਮ ਚੁੱਕੇ ਜਾਣ ਦੀ ਲੋੜ ਹੈ | ਮੋਰਚੇ 'ਚ ਸ਼ਾਮਿਲ ਜਥੇਬੰਦੀਆਂ ਵਲੋਂ ਡੀ.ਸੀ. ਰਾਹੀਂ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਭੇਜੇ ਪੱਤਰ 'ਚ ਮੰਗ ਕੀਤੀ ਗਈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਚੋਂ ਪੰਜਾਬ ਦੀ ਪੱਕੀ ਨੁਮਾਇੰਦਗੀ ਦਾ ਹੱਕ ਖੋਹਣ ਵਾਲਾ ਨੋਟੀਫ਼ਿਕੇਸ਼ਨ ਰੱਦ ਕੀਤਾ ਜਾਵੇ, ਖਾਦਾਂ ਦੀ ਪੂਰੀ ਸਪਲਾਈ ਯਕੀਨੀ ਬਣਾਈ ਜਾਵੇ, ਯੂਰੀਆ ਖਾਦ ਦੀ ਕੀਮਤ 'ਚ ਕੀਤਾ ਵਾਧਾ ਵਾਪਸ ਲੈਣ ਦੇ ਨਾਲ ਹੀ ਸਬਸਿਡੀ ਕਟੌਤੀ ਬਹਾਲ ਕਰ ਕੇ ਥੈਲੇ 'ਚ 5 ਕਿੱਲੋ ਦੀ ਭਰਤੀ ਜੋ ਘੱਟ ਕੀਤੀ ਗਈ ਹੈ, ਨੂੰ ਪੂਰਾ 50 ਕਿੱਲੋ ਕੀਤਾ ਜਾਵੇ | ਇਹ ਮੰਗ ਵੀ ਕੀਤੀ ਗਈ ਕਿ ਤੇਲ ਪਦਾਰਥਾਂ 'ਚ ਕੀਤਾ ਵਾਧਾ ਵਾਪਸ ਲਿਆ ਜਾਵੇ ਅਤੇ ਮਹਿੰਗਾਈ ਦੇ ਮੱਦੇਨਜ਼ਰ ਹੱਦ ਕਰਜ਼ੇ 'ਚ ਵਾਧਾ ਕੀਤਾ ਜਾਵੇ | ਇਸੇ ਤਰ੍ਹਾਂ ਸਾਰੀਆਂ ਫ਼ਸਲਾਂ 'ਤੇ ਐਮ.ਐਸ.ਪੀ. ਤੇ ਖ਼ਰੀਦ ਗਾਰੰਟੀ ਕਾਨੂੰਨ ਬਣਾਇਆ ਜਾਵੇ | ਕਿਸਾਨਾਂ-ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ 'ਤੇ ਲੀਕ ਮਾਰੀ ਜਾਵੇ ਅਤੇ ਹੜ੍ਹਾਂ ਦੌਰਾਨ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਅਦਾ ਕੀਤਾ ਜਾਵੇ | ਇਸ ਤੋਂ ਇਲਾਵਾ ਦਿੱਲੀ ਮੋਰਚੇ ਦੌਰਾਨ ਮੰਨੀਆਂ ਮੰਗਾਂ ਲਾਗੂ ਕੀਤੀਆਂ ਜਾਣ | ਸੰਬੋਧਨ ਤੇ ਸ਼ਾਮਿਲ ਹੋਣ ਵਾਲਿਆਂ 'ਚ ਭਾਕਿਯੂ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਭਜਨ ਸਿੰਘ ਘੁੰਮਣ, ਡਕੌਂਦਾ (ਧਨੇਰ) ਦੇ ਸੂਬਾ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਲਾਲ ਚੰਦ ਸਰਦੂਲਗੜ੍ਹ, ਡਕੌਂਦਾ (ਬੁਰਜ ਗਿੱਲ) ਦੇ ਜ਼ਿਲ੍ਹਾ ਜਨਰਲ ਸਕੱਤਰ ਲਛਮਣ ਸਿੰਘ ਚੱਕ ਅਲੀਸ਼ੇਰ, (ਲੱਖੋਵਾਲ) ਦੇ ਸੂਬਾ ਵਿੱਤ ਸਕੱਤਰ ਨਿਰਮਲ ਸਿੰਘ ਝੰਡੂਕੇ, ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮਫਲ ਸਿੰਘ ਚੱਕ ਅਲੀਸ਼ੇਰ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਭੀਖੀ, ਭਾਕਿਯੂ (ਮਾਲਵਾ) ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਜੌੜਕੀਆਂ ਆਦਿ ਸਨ |
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਵਲੋਂ ਡੀ.ਸੀ. ਦਫ਼ਤਰ ਨੇੜੇ ਰੋਸ ਧਰਨਾ
ਅਜੀਤ ਡੈਸਕ
03-06-2026