26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪਿੰਡ ਸਾਬੂਆਣਾ 'ਚ ਪੀਣ ਵਾਲੇ ਪਾਣੀ ਦਾ ਸੰਕਟ ਗਹਿਰਾਇਆ

Ad Position 21
No active advertisement
ਅਜੀਤ ਡੈਸਕ 03-06-2026

ਫ਼ਾਜ਼ਿਲਕਾ, 2 ਜੂਨ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਸਾਬੂਆਣਾ ਵਿਚ ਪੀਣ ਵਾਲੇ ਪਾਣੀ ਦਾ ਸੰਕਟ ਲਗਾਤਾਰ ਗਹਿਰਾਉਂਦਾ ਜਾ ਰਿਹਾ ਹੈ, ਜਿਸ ਕਾਰਨ ਪਿੰਡ ਵਾਸੀਆਂ ਵਿਚ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ | ਪਿੰਡ ਦੇ ਲੋਕਾਂ ਨੇ ਦੋਸ਼ ਲਾਇਆ ਹੈ ਕਿ ਸਥਾਨਕ ਵਾਟਰ ਵਰਕਸ ਦੀ ਸਪਲਾਈ ਲੰਬੇ ਸਮੇਂ ਤੋਂ ਠੱਪ ਪਈ ਹੈ, ਜਿਸ ਕਾਰਨ ਪਿੰਡ ਵਾਸੀਆਂ ਅਤੇ ਆਸ-ਪਾਸ ਦੀਆਂ ਢਾਣੀਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਬੂੰਦ-ਬੂੰਦ ਪਾਣੀ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿੰਡ ਵਾਸੀਆਂ ਅਨੁਸਾਰ ਮਜਬੂਰੀ ਵੱਸ ਉਨ੍ਹਾਂ ਨੂੰ ਪਿੰਡ ਨੇੜੇ ਲੱਗੇ ਇਕ ਜਨਤਕ ਨਲਕੇ ਤੋਂ ਪਾਣੀ ਭਰ ਕੇ ਦੂਰ-ਦੂਰ ਤੱਕ ਆਪਣੇ ਘਰਾਂ ਵਿਚ ਲੈ ਕੇ ਜਾਣਾ ਪੈ ਰਿਹਾ ਹੈ | ਪਿੰਡ ਦੇ ਨਿਵਾਸੀ ਰਮੇਸ਼ ਕੁਮਾਰ ਨੇ ਦੱਸਿਆ ਕਿ ਵਾਟਰ ਵਰਕਸ ਵਿਚ ਲੋੜ ਮੁਤਾਬਿਕ ਪਾਣੀ ਨਹੀਂ ਪਹੁੰਚ ਰਿਹਾ | ਉਨ੍ਹਾਂ ਕਿਹਾ ਕਿ ਸਥਿਤੀ ਇੰਨੀ ਗੰਭੀਰ ਹੋ ਚੁੱਕੀ ਹੈ ਕਿ ਇਨਸਾਨਾਂ ਦੇ ਨਾਲ-ਨਾਲ ਪਸ਼ੂਆਂ ਲਈ ਵੀ ਪੀਣ ਵਾਲਾ ਪਾਣੀ ਉਪਲਬਧ ਨਹੀਂ ਹੈ | ਪੇਂਡੂਆਂ ਦਾ ਦਾਅਵਾ ਹੈ ਕਿ ਜਿਹੜਾ ਪਾਣੀ ਉਹ ਵਰਤ ਰਹੇ ਹਨ, ਉਸ ਦਾ ਟੀ.ਡੀ.ਐੱਸ.ਪੱਧਰ 500 ਤੋਂ ਵੀ ਉੱਪਰ ਹੈ, ਜੋ ਕਿ ਸਿਹਤ ਲਈ ਬੇਹੱਦ ਖ਼ਤਰਨਾਕ ਹੈ | ਪਿੰਡ ਦੀਆਂ ਮਹਿਲਾਵਾਂ ਨੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਖ਼ਾਸ ਕਰਕੇ ਢਾਣੀਆਂ ਵਿਚ ਰਹਿੰਦੇ ਪਰਿਵਾਰਾਂ ਨੂੰ ਤਪਦੀ ਗਰਮੀ ਵਿਚ ਦੂਰ-ਦੂਰ ਤੋਂ ਪਾਣੀ ਢੋਣਾ ਪੈ ਰਿਹਾ ਹੈ | ਕਈ ਪਰਿਵਾਰ ਰੋਜ਼ਾਨਾ ਨਿੱਜੀ ਤੌਰ 'ਤੇ ਪਾਣੀ ਦੇ ਟੈਂਕਰ ਮੰਗਵਾਉਣ ਲਈ ਮਜਬੂਰ ਹਨ, ਜਿਸ ਕਾਰਨ ਰੋਜ਼ਾਨਾ ਹਜ਼ਾਰਾਂ ਰੁਪਏ ਦਾ ਵਾਧੂ ਆਰਥਿਕ ਬੋਝ ਪੈ ਰਿਹਾ ਹੈ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਕੋਈ ਨਵੀਂ ਨਹੀਂ ਹੈ ਬਲਕਿ ਪਿਛਲੇ ਲੰਬੇ ਸਮੇਂ ਤੋਂ ਬਣੀ ਹੋਈ ਹੈ | ਉਨ੍ਹਾਂ ਦੋਸ਼ ਲਾਇਆ ਕਿ ਇਸ ਭਿਆਨਕ ਗਰਮੀ ਦੇ ਮੌਸਮ ਵਿਚ ਵੀ ਪ੍ਰਸ਼ਾਸਨ ਅਤੇ ਸਰਕਾਰ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਵਿਚ ਪੂਰੀ ਤਰ੍ਹਾਂ ਨਾਕਾਮ ਸਿੱਧ ਹੋਏ ਹਨ | ਗ਼ੁੱਸੇ ਵਿਚ ਆਏ ਪਿੰਡ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਇਸ ਗੰਭੀਰ ਸਮੱਸਿਆ ਦਾ ਪੱਕਾ ਹੱਲ ਨਾ ਕੀਤਾ ਗਿਆ ਤਾਂ ਉਹ ਤਿੱਖਾ ਅੰਦੋਲਨ ਵਿੱਢਣ ਲਈ ਮਜਬੂਰ ਹੋਣਗੇ | ਉਨ੍ਹਾਂ ਸਥਾਨਕ ਵਿਧਾਇਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿਚ ਤੁਰੰਤ ਦਖ਼ਲ ਦਿੱਤਾ ਜਾਵੇ | ਪਿੰਡ ਵਾਸੀਆਂ ਨੇ ਸਾਫ਼ ਸ਼ਬਦਾਂ ਵਿਚ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀ ਸ਼ਿਕਾਇਤ ਵੱਲ ਫ਼ੌਰਨ ਧਿਆਨ ਨਾ ਦਿੱਤਾ ਗਿਆ, ਤਾਂ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸਿਆਸੀ ਆਗੂਆਂ ਦਾ ਮੁਕੰਮਲ ਬਾਈਕਾਟ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਨੌਕਰੀ ਦੌਰਾਨ ਚੰਗੀਆਂ ਸੇਵਾਵਾਂ ਦੇਣ ਵਾਲੇ ਇੰਸਪੈਕਟਰ ਜਨਕ ਰਾਜ ਡੀ.ਜੀ.ਪੀ. ਡਿਸਕ ਐਵਾਰਡ ਨਾਲ ਸਨਮਾਨਿਤ ਅਗਲੀ ਖ਼ਬਰ ਖੇਤ ਬਚਾਓ ਅਭਿਆਨ ਤਹਿਤ ਟਾਹਲੀ ਵਾਲਾ ਬੋਦਲਾ ਵਿਖੇ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਜਾਗਰੂਕਤਾ ਕੈਂਪ ਆਯੋਜਿਤ
Ad Position 24