ਫ਼ਾਜ਼ਿਲਕਾ, 2 ਜੂਨ (ਦਵਿੰਦਰ ਪਾਲ ਸਿੰਘ)-ਸਿਵਲ ਹਸਪਤਾਲ ਅਬੋਹਰ ਵਿਚ ਸਥਿਤ ਟੀ.ਬੀ. ਹਸਪਤਾਲ ਵਿਖੇ ਮਰੀਜ਼ਾਂ ਦੀ ਆਮਦ ਇਕ ਵਾਰ ਫਿਰ ਵੱਡੀ ਗਿਣਤੀ ਵਿਚ ਵਧਣੀ ਸ਼ੁਰੂ ਹੋ ਗਈ ਹੈ | ਇਸ ਦਾ ਮੁੱਖ ਕਾਰਨ ਇਲਾਕੇ ਦੇ ਨਾਮਵਰ ਛਾਤੀ ਰੋਗਾਂ ਦੇ ਮਾਹਿਰ ਅਤੇ ਟੀ.ਬੀ.ਹਸਪਤਾਲ ਦੇ ਇੰਚਾਰਜ ਡਾ. ਸੌਰਭ ਫੁਟੇਲਾ ਵਲੋਂ ਸਿਵਲ ਹਸਪਤਾਲ ਵਿਖੇ ਦੁਬਾਰਾ ਆਪਣੀਆਂ ਸੇਵਾਵਾਂ ਸ਼ੁਰੂ ਕਰਨਾ ਹੈ | ਜ਼ਿਕਰਯੋਗ ਹੈ ਕਿ ਡਾ.ਫੁਟੇਲਾ ਪਿਛਲੇ ਕਈ ਸਾਲਾਂ ਤੋਂ ਇੱਥੇ ਸੇਵਾਵਾਂ ਦੇ ਰਹੇ ਸਨ ਪਰ ਨਵੰਬਰ 2025 ਵਿਚ ਉਹ ਹੋਰ ਉਚੇਰੀ ਮੁਹਾਰਤ ਅਤੇ ਤਜਰਬਾ ਹਾਸਲ ਕਰਨ ਲਈ ਏਮਜ਼ ਹਸਪਤਾਲ ਬਠਿੰਡਾ ਚਲੇ ਗਏ ਸਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ.ਸੌਰਭ ਫੁਟੇਲਾ ਨੇ ਦੱਸਿਆ ਕਿ ਪਲਮਨਰੀ ਮੈਡੀਸਨ ਦਾ ਖੇਤਰ ਬੇਹੱਦ ਵਿਸ਼ਾਲ ਹੈ, ਜਿਸ ਵਿਚ ਆਪਣੇ ਵਿਹਾਰਕ ਗਿਆਨ ਨੂੰ ਸਮੇਂ ਦੇ ਹਿਸਾਬ ਨਾਲ ਅੱਪਡੇਟ ਰੱਖਣਾ ਬਹੁਤ ਜ਼ਰੂਰੀ ਹੈ | ਉਹ ਏਮਜ਼ ਬਠਿੰਡਾ ਵਿਖੇ ਵਿਸ਼ੇਸ਼ ਤਜਰਬਾ ਹਾਸਲ ਕਰਨ ਗਏ ਸਨ ਤਾਂ ਜੋ ਉਹ ਉੱਥੋਂ ਦੀਆਂ ਆਧੁਨਿਕ ਤਕਨੀਕਾਂ ਦਾ ਲਾਹਾ ਆਪਣੇ ਸ਼ਹਿਰ ਅਬੋਹਰ ਅਤੇ ਆਸ-ਪਾਸ ਦੇ ਲੋਕਾਂ ਨੂੰ ਦੇ ਸਕਣ | ਹਸਪਤਾਲ ਵਿਚ ਆਉਣ ਵਾਲੇ ਆਮ ਲੋਕ ਉਨ੍ਹਾਂ ਨੂੰ ਟੀ.ਬੀ. ਦੇ ਡਾਕਟਰ ਵਜੋਂ ਜਾਣਦੇ ਹਨ | ਇਸ ਬਾਰੇ ਸਪਸ਼ਟ ਕਰਦਿਆਂ ਡਾ.ਫੁਟੇਲਾ ਨੇ ਦੱਸਿਆ ਕਿ ਪਲਮਨਰੀ ਮੈਡੀਸਨ ਨੂੰ ਚੈਸਟ ਮੈਡੀਸਨ ਜਾਂ ਰੈਸਪੀਰੇਟਰੀ ਮੈਡੀਸਨ ਵੀ ਕਿਹਾ ਜਾਂਦਾ ਹੈ, ਜੋ ਫੇਫੜਿਆਂ ਅਤੇ ਸਾਹ ਨਲੀ ਦੀਆਂ ਬਿਮਾਰੀਆਂ ਨਾਲ ਸੰਬੰਧਿਤ ਹੈ | ਉਨ੍ਹਾਂ ਕਿਹਾ ਕਿ ਟੀ.ਬੀ. ਤੋਂ ਇਲਾਵਾ ਇਸ ਵਿਚ ਨਮੂਨੀਆ, ਬ੍ਰੋਂਕਾਈਟਿਸ, ਫੇਫੜਿਆਂ ਵਿਚ ਪਾਕ ਪੈਣਾ, ਅਸਥਮਾ, ਸੀ.ਓ.ਪੀ.ਡੀ, ਧੂੜ-ਮਿੱਟੀ ਤੋਂ ਐਲਰਜੀ, ਫੇਫੜਿਆਂ ਵਿਚ ਪਾਣੀ ਭਰਨਾ, ਫੇਫੜਿਆਂ ਦਾ ਸੁੰਗੜਨਾ ਜਾਂ ਫੈਲਣਾ, ਫੇਫੜਿਆਂ ਦਾ ਸਖ਼ਤ ਹੋਣਾ, ਕੈਂਸਰ, ਨਸਾਂ ਵਿਚ ਹਾਈ ਬਲੱਡ ਪ੍ਰੈਸ਼ਰ, ਨੀਂਦ ਨਾ ਆਉਣਾ, ਖ਼ਰਾਟੇ ਵੱਜਣਾ ਅਤੇ ਸਾਹ ਲੈਣ ਵਿਚ ਆਕਸੀਜਨ ਦੀ ਕਮੀ ਵਰਗੀਆਂ ਸਾਰੀਆਂ ਬਿਮਾਰੀਆਂ ਸ਼ਾਮਲ ਹਨ | ਟੀ.ਬੀ.ਇਕ ਖ਼ਤਰਨਾਕ ਛੂਤ ਦੀ ਬਿਮਾਰੀ ਹੋਣ ਕਰਕੇ ਲੋਕਾਂ ਨੂੰ ਛਾਤੀ ਦੇ ਦੂਜੇ ਰੋਗਾਂ ਬਾਰੇ ਜਾਗਰੂਕਤਾ ਘੱਟ ਹੈ | ਡਾ.ਫੁਟੇਲਾ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ ਟੀ.ਬੀ.ਅਤੇ ਛਾਤੀ ਦੇ ਮਰੀਜ਼ਾਂ ਲਈ ਓ.ਪੀ.ਡੀ.ਅਤੇ ਇਨਡੋਰ ਦੋਵੇਂ ਸਹੂਲਤਾਂ ਉਪਲਬਧ ਹਨ | ਉਹ ਸਵੇਰੇ ਅਤੇ ਸ਼ਾਮ ਦੋਵੇਂ ਵੇਲੇ ਦਾਖ਼ਲ ਮਰੀਜ਼ਾਂ ਦੀ ਖ਼ੁਦ ਜਾਂਚ ਕਰਦੇ ਹਨ | ਇਸ ਮੌਕੇ ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਨਾ, ਮਨਬੀਰ ਸਿੰਘ, ਦਿਵੇਸ਼ ਕੁਮਾਰ ਅਤੇ ਟੀ.ਬੀ. ਬਰਾਂਚ ਤੋਂ ਵਿਪਨ ਸੁਥਾਰ, ਰਾਜ ਸਿੰਘ, ਬਲਜਿੰਦਰ ਕੁਮਾਰ ਅਤੇ ਹਰਪਾਲ ਸਿੰਘ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |