ਮੰਡੀ ਘੁਬਾਇਆ, 2 ਜੂਨ ( ਅਮਨ ਬਵੇਜਾ)-ਸ਼ਹੀਦ ਭਗਤ ਸਿੰਘ ਯੂਥ ਕਲੱਬ ਘੁਬਾਇਆ ਦੇ ਪ੍ਰਧਾਨ ਅਤੇ ਸਰਬ ਭਾਰਤ ਨੌਜਵਾਨ ਸਭਾ ਜ਼ਿਲ੍ਹਾ ਫ਼ਾਜ਼ਿਲਕਾ ਦੇ ਮੀਤ ਪ੍ਰਧਾਨ ਬਲਵਿੰਦਰ ਘੁਬਾਇਆ ਅਤੇ ਉਸ ਦੀ ਪਤਨੀ ਸਰੋਜ ਰਾਣੀ 'ਤੇ ਨਾਜਾਇਜ਼ ਤੌਰ 'ਤੇ ਸਦਰ ਥਾਣਾ ਜਲਾਲਾਬਾਦ ਅਧੀਨ ਪੈਂਦੀ ਚੌਕੀ ਘੁਬਾਇਆ ਵਿਖੇ ਚੋਰੀ ਦਾ ਮੁਕੱਦਮਾ ਦਰਜ ਕਰਨ ਖ਼ਿਲਾਫ਼ ਬੀਤੇ ਕੱਲ੍ਹ ਤੋਂ ਲੈ ਕੇ ਅੱਜ ਦੂਜੇ ਦਿਨ ਲਗਾਤਾਰ ਸੀ.ਪੀ.ਆਈ ਦੀ ਅਗਵਾਈ 'ਚ ਧਰਨਾ ਜਾਰੀ ਰਿਹਾ | ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸੁਰਿੰਦਰ ਢੰਡੀਆਂ,ਹੰਸ ਰਾਜ ਗੋਲਡਨ, ਪਰਮਜੀਤ ਢਾਬਾਂ ਨੇ ਦੱਸਿਆ ਕਿ ਬੀਤੇ ਕੱਲ੍ਹ ਹੀ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਮਸਲਾ ਹੱਲ ਨਾ ਹੋਣ ਖ਼ਿਲਾਫ਼ ਜ਼ਿਲ੍ਹਾ ਪੁਲਿਸ ਮੁਖੀ ਦਾ ਪੁਤਲਾ ਫੂਕਣ ਦਾ ਐਲਾਨ ਕੀਤਾ ਗਿਆ ਸੀ | ਆਗੂਆਂ ਨੇ ਦੱਸਿਆ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਇਸ ਮਾਮਲੇ ਨੂੰ ਸੁਲਝਾਉਣ ਲਈ ਪਹਿਲ ਕਦਮੀ ਕਰਦਿਆਂ ਦੂਜੀ ਧਿਰ ਨੂੰ ਬੁਲਾ ਕੇ ਦੋਨਾਂ ਧਿਰਾਂ ਦਾ ਆਪਸੀ ਮਸਲਾ ਸੁਲਝਾ ਦਿੱਤਾ | ਪੁਲਿਸ ਨੇ ਵਿਸ਼ਵਾਸ ਦਿਵਾਇਆ ਕਿ ਪੰਚਾਇਤ ਦੇ ਬਿਆਨ ਦੇ ਆਧਾਰ 'ਤੇ ਮੁਕੱਦਮੇ ਵਿਚ ਸ਼ਾਮਲ ਬਲਵਿੰਦਰ ਸਿੰਘ ਅਤੇ ਉਸ ਦੀ ਪਤਨੀ ਨੂੰ ਡਿਸਚਾਰਜ ਕਰਨ ਦੀ ਕਾਰਵਾਈ ਪਾ ਦਿੱਤੀ ਜਾਵੇਗੀ ਅਤੇ ਇਸ ਤੋਂ ਬਾਅਦ ਦੋਨਾਂ ਧਿਰਾਂ ਦਾ ਮਿਲ ਬੈਠ ਕੇ ਮੁਕੰਮਲ ਤੌਰ 'ਤੇ ਰਾਜ਼ੀਨਾਮਾ ਕਰਵਾਇਆ ਜਾਵੇਗਾ | ਇਸ ਤੋਂ ਬਾਅਦ ਕਾਮਰੇਡਾਂ ਵੱਲੋਂ ਐੱਸ ਐੱਸ ਪੀ ਦਾ ਪੁਤਲਾ ਫੂਕ ਪ੍ਰਦਰਸ਼ਨ ਰੱਦ ਕਰ ਦਿੱਤਾ ਗਿਆ | ਇਸ ਮੌਕੇ ਹੋਰਾਂ ਤੋਂ ਇਲਾਵਾ ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਅਸ਼ੋਕ ਕੰਬੋਜ, ਸਰਬ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਬੇਗ ਝੰਗੜ ਭੈਣੀ, ਜ਼ਿਲ੍ਹਾ ਸਕੱਤਰ ਹਰਭਜਨ ਛੱਪੜੀਂ ਵਾਲਾ, ਨਰਿੰਦਰ ਢਾਬਾਂ, ਹਰਜੀਤ ਢੰਡੀਆਂ, ਗੁਰਦਿਆਲ ਢਾਬਾਂ, ਸੋਨਾ ਧੁੰਨਕੀਆਂ, ਸੰਦੀਪ ਜੋਧਾ, ਰਾਜਵਿੰਦਰ ਨਿਉਲ਼ਾ, ਤੇਜਾ ਅਮੀਰ ਖ਼ਾਸ, ਕੁਲਦੀਪ ਬੱਖੂਸ਼ਾਹ, ਬਲਵੰਤ ਚੋਹਾਣਾ, ਅਰਵੀਨ ਢਾਬਾਂ,ਰਾਜ ਚੱਕ ਖੀਵਾ ਅਤੇ ਪ੍ਰੇਮ ਸਿੰਘ ਨੇ ਵੀ ਸੰਬੋਧਨ ਕੀਤਾ |