12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਮੋਟਰ ਚੋਰਾਂ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਖ਼ੁਦ ਕੀਤੀ ਕਾਰਵਾਈ, ਚੋਰ ਨੂੰ ਤਾਂਬੇ ਦੀ ਤਾਰ ਸਮੇਤ ਫੜ ਕੇ ਪੁਲਿਸ ਹਵਾਲੇ ਕੀਤਾ

Ad Position 21
No active advertisement
ਅਜੀਤ ਡੈਸਕ 07-06-2026
ਫ਼ਾਜ਼ਿਲਕਾ, 6 ਜੂਨ (ਦਵਿੰਦਰ ਪਾਲ ਸਿੰਘ)-ਆਏ ਦਿਨ ਪਿੰਡਾਂ ਵਿਚ ਖੇਤਾਂ 'ਚੋਂ ਮੋਟਰਾਂ ਅਤੇ ਤਾਂਬੇ ਦੀਆਂ ਤਾਰਾਂ ਚੋਰੀ ਹੋਣ ਦੀਆਂ ਵਾਰਦਾਤਾਂ ਤੋਂ ਦੁਖੀ ਕਿਸਾਨਾਂ ਨੇ ਹੁਣ ਖ਼ੁਦ ਸਰਗਰਮ ਹੁੰਦਿਆਂ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ | ਫ਼ਾਜ਼ਿਲਕਾ ਦੀ ਬਾਰਡਰ ਪੱਟੀ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਪਿਛਲੇ ਦਿਨੀਂ ਹੋਈਆਂ ਚੋਰੀਆਂ ਦੇ ਸਬੰਧ ਵਿਚ ਇਕ ਸ਼ਖ਼ਸ ਨੂੰ ਉਸ ਦੇ ਘਰੋਂ ਚੋਰੀ ਕੀਤੀ ਤਾਂਬੇ ਦੀ ਤਾਰ ਸਮੇਤ ਰੰਗੇ ਹੱਥੀਂ ਕਾਬੂ ਕਰ ਲਿਆ | ਇਸ ਤੋਂ ਬਾਅਦ ਮੁਲਜ਼ਮ ਨੂੰ ਥਾਣਾ ਸਦਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ | ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂਆਂ ਗੁਰਪ੍ਰੀਤ ਸਿੰਘ ਅਤੇ ਸੰਦੀਪ ਕਟਾਰੀਆ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਇਲਾਕੇ ਵਿਚ ਮੋਟਰਾਂ ਚੋਰੀ ਹੋਣ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਸਨ, ਜਿਸ ਕਾਰਨ ਕਿਸਾਨ ਬੇਹੱਦ ਪ੍ਰੇਸ਼ਾਨ ਸਨ | ਚੋਰੀਆਂ ਨੂੰ ਰੋਕਣ ਲਈ ਕਿਸਾਨਾਂ ਨੇ ਖ਼ੁਦ ਸ਼ੱਕੀ ਅਤੇ ਮਾੜੇ ਅਨਸਰਾਂ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਸੀ | ਇਸੇ ਦੌਰਾਨ ਅੱਜ ਉਨ੍ਹਾਂ ਨੂੰ ਪੱਕੀ ਸੂਚਨਾ ਮਿਲੀ ਕਿ ਇਕ ਸ਼ਖ਼ਸ ਚੋਰੀ ਕੀਤੀਆਂ ਹੋਈਆਂ ਤਾਰਾਂ ਨੂੰ ਅੱਗ ਲਗਾ ਕੇ ਉਸ ਵਿਚੋਂ ਤਾਂਬਾ ਕੱਢ ਰਿਹਾ ਹੈ ਤਾਂ ਜੋ ਉਸ ਨੂੰ ਅੱਗੇ ਵੇਚ ਸਕੇ | ਸੂਚਨਾ ਦੇ ਆਧਾਰ 'ਤੇ ਕਿਸਾਨਾਂ ਨੇ ਤੁਰੰਤ ਮੌਕੇ 'ਤੇ ਛਾਪੇਮਾਰੀ ਕਰਕੇ ਉਕਤ ਸ਼ਖ਼ਸ ਨੂੰ ਤਾਂਬੇ ਦੀ ਤਾਰ ਸਮੇਤ ਦਬੋਚ ਲਿਆ | ਇਸ ਘਟਨਾ ਤੋਂ ਬਾਅਦ ਆਸ-ਪਾਸ ਦੇ ਕਈ ਪਿੰਡਾਂ ਦੇ ਕਿਸਾਨ ਅਤੇ ਆਮ ਲੋਕ ਵੱਡੀ ਗਿਣਤੀ ਵਿਚ ਥਾਣਾ ਸਦਰ ਵਿਖੇ ਇਕੱਠੇ ਹੋਏ | ਲੋਕਾਂ ਨੇ ਰੋਸ ਜ਼ਾਹਿਰ ਕਰਦਿਆਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਖੇਤਾਂ ਵਿਚ ਹੁੰਦੀਆਂ ਚੋਰੀਆਂ ਦੇ ਗਰੋਹ ਦਾ ਪਰਦਾਫਾਸ਼ ਕੀਤਾ ਜਾਵੇ ਅਤੇ ਫੜੇ ਗਏ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਮੁਖੀ ਹਰਦੇਵ ਸਿੰਘ ਬੇਦੀ ਨੇ ਦੱਸਿਆ ਕਿ ਕਿਸਾਨਾਂ ਵਲੋਂ ਫੜ ਕੇ ਪੁਲਿਸ ਹਵਾਲੇ ਕੀਤੇ ਗਏ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕਰ ਰਹੀ ਹੈ ਅਤੇ ਜਾਂਚ ਵਿਚ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਮੁਤਾਬਿਕ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਇਸ ਮੌਕੇ ਸੁਖਵਿੰਦਰ ਸਿੰਘ ਧਾਲੀਵਾਲ, ਸੁਸ਼ੀਲ ਗਿਲਹੋਤਰਾ, ਰਵੀ ਚੌਧਰੀ, ਜਗਸੀਰ ਕੁਮਾਰ, ਜੋਗਿੰਦਰ ਸਿੰਘ, ਫੌਜਾ ਸਿੰਘ, ਵਰਿਆਮ ਚੰਦ, ਸੰਦੀਪ ਕੁਮਾਰ ਅਤੇ ਵੱਡੀ ਗਿਣਤੀ ਵਿਚ ਹੋਰ ਕਿਸਾਨ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਵਾਤਾਵਰਨ ਦਿਵਸ 'ਤੇ ਐੱਸ.ਡੀ.ਐੱਮ. ਵਲੋਂ ਤਹਿਸੀਲ ਕੰਪਲੈਕਸ 'ਚ ਬੂਟੇ ਲਗਾਏ ਅਗਲੀ ਖ਼ਬਰ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਨੇ ਮੀਟਿੰਗ ਦੌਰਾਨ ਆਪ ਸਰਕਾਰ ਖ਼ਿਲਾਫ਼ ਕੀਤਾ ਰੋਸ ਜ਼ਾਹਿਰ
Ad Position 24