ਫ਼ਾਜ਼ਿਲਕਾ, 7 ਜੂਨ (ਅਮਰਜੀਤ ਸ਼ਰਮਾ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਫ਼ਾਜ਼ਿਲਕਾ-2 ਦੀ ਇਕ ਅਹਿਮ ਮੀਟਿੰਗ ਸਥਾਨਕ ਸੁੰਦਰ ਆਸ਼ਰਮ ਵਿਖੇ ਬਲਾਕ ਪ੍ਰਧਾਨ ਡਾ.ਜਸਵਿੰਦਰ ਸਿੰਘ ਆਲਮ ਸ਼ਾਹ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਐਸੋਸੀਏਸ਼ਨ ਵਲੋਂ ਮਾਨਵਤਾ ਦੀ ਸੇਵਾ ਲਈ ਇਕ ਵੱਡਾ ਫ਼ੈਸਲਾ ਲੈਂਦਿਆਂ ਆਗਾਮੀ 14 ਜੂਨ ਦਿਨ ਐਤਵਾਰ ਨੂੰ ਫ਼ਾਜ਼ਿਲਕਾ ਦੇ 'ਸ਼ਾਹ ਪੈਲੇਸ' ਵਿਖੇ ਇਕ ਵਿਸ਼ਾਲ 'ਮਹਾ ਕੰੁਭ ਖ਼ੂਨ ਦਾਨ ਕੈਂਪ' ਲਗਾਉਣ ਦਾ ਐਲਾਨ ਕੀਤਾ ਗਿਆ ਹੈ | ਕੈਂਪ ਵਿਚ ਖ਼ੂਨ ਇਕੱਤਰ ਕਰਨ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਅਤੇ ਏਮਜ਼ ਬਠਿੰਡਾ ਦੀਆਂ ਵਿਸ਼ੇਸ਼ ਮਾਹਿਰ ਟੀਮਾਂ ਪਹੁੰਚ ਰਹੀਆਂ ਹਨ | ਇਸ ਦੇ ਨਾਲ ਹੀ ਪ੍ਰਸਿੱਧ ਸਮਾਜ ਸੇਵੀ ਰਾਜੀਵ ਕੁਕਰੇਜਾ ਅਤੇ ਉਨ੍ਹਾਂ ਦੀ ਐਕਟਿਵ ਟੀਮ ਇਸ ਕੈਂਪ ਵਿਚ ਆਪਣਾ ਵਿਸ਼ੇਸ਼ ਸਹਿਯੋਗ ਪ੍ਰਦਾਨ ਕਰੇਗੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਡਾ.ਜਸਵਿੰਦਰ ਸਿੰਘ ਆਲਮ ਸ਼ਾਹ ਨੇ ਸਮੂਹ ਮੈਂਬਰ ਡਾਕਟਰਾਂ ਨੂੰ ਇਮਾਨਦਾਰੀ ਅਤੇ ਨੈਤਿਕਤਾ ਨਾਲ ਸਾਫ਼-ਸੁਥਰੀ ਮੈਡੀਕਲ ਪ੍ਰੈਕਟਿਸ ਕਰਨ ਦਾ ਸੱਦਾ ਦਿੱਤਾ | ਉਨ੍ਹਾਂ ਸਖ਼ਤ ਲਹਿਜ਼ੇ ਵਿਚ ਹਦਾਇਤ ਕੀਤੀ ਕਿ ਡਾਕਟਰੀ ਪੇਸ਼ੇ ਨੂੰ ਬਦਨਾਮ ਕਰਨ ਵਾਲੀਆਂ ਅਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਕੁਰੀਤੀਆਂ ਤੋਂ ਪੂਰੀ ਤਰ੍ਹਾਂ ਦੂਰ ਰਿਹਾ ਜਾਵੇ ਅਤੇ ਇਸ ਪਵਿੱਤਰ ਪੇਸ਼ੇ ਦੀ ਗਰਿਮਾ ਨੂੰ ਬਰਕਰਾਰ ਰੱਖਿਆ ਜਾਵੇ | ਮੀਟਿੰਗ ਦੌਰਾਨ ਐਸੋਸੀਏਸ਼ਨ ਨਾਲ ਜੁੜੇ ਹੋਰ ਜਥੇਬੰਦਕ ਮੁੱਦਿਆਂ 'ਤੇ ਵੀ ਵਿਸਤਾਰਪੂਰਵਕ ਚਰਚਾ ਕੀਤੀ ਗਈ ਅਤੇ ਆਉਣ ਵਾਲੇ ਪ੍ਰੋਗਰਾਮਾਂ ਦੀ ਰੂਪ-ਰੇਖਾ ਉਲੀਕੀ ਗਈ | ਇਸ ਮੌਕੇ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਅਤੇ ਅਹੁਦੇਦਾਰ ਵੱਡੀ ਗਿਣਤੀ ਵਿਚ ਹਾਜ਼ਰ ਸਨ |