2003 ਦੇ ਰਿਕਾਰਡ ਨੇ ਵਧਾਈ ਲੋਕਾਂ ਦੀ ਮੁਸੀਬਤ, ਵੋਟਰ ਸੂਚੀ ਸੋਧ ਕੈਂਪਾਂ 'ਚ ਖ਼ੱਜਲ਼-ਖ਼ੁਆਰ ਹੋਏ ਨਾਗਰਿਕ
ਨਾਗਰਿਕਾਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ ਬੀ.ਐਲ.ਓ ਲਵਕੇਸ਼ ਸਿੰਘ ਅਤੇ ਸ਼ਹਿਰ ਨਿਵਾਸੀ | ਤਸਵੀਰ-ਸੁਖਵਿੰਦਰ ਸਿੰਘ
<br/>
08-06-2026
ਫਿਰੋਜ਼ਪੁਰ, 7 ਜੂਨ (ਸੁਖਵਿੰਦਰ ਸਿੰਘ)-ਭਾਰਤ ਚੋਣ ਕਮਿਸ਼ਨ ਅਤੇ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਜ਼ਿਲ੍ਹੇ ਵਿਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਲਈ ਲਗਾਏ ਗਏ ਵਿਸ਼ੇਸ਼ ਕੈਂਪਾਂ ਦੌਰਾਨ ਕਈ ਥਾਵਾਂ 'ਤੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਸਰਕਾਰ ਵਲੋਂ 2003 ਦੇ ਰਿਕਾਰਡ ਨਾਲ ਸਬੰਧਤ ਦਸਤਾਵੇਜ਼ ਮੰਗੇ ਜਾਣ ਕਾਰਨ ਵੱਡੀ ਗਿਣਤੀ ਵਿਚ ਲੋਕ ਆਪਣੇ ਲੋੜੀਂਦੇ ਕਾਗਜ਼ ਪੇਸ਼ ਨਹੀਂ ਕਰ ਸਕੇ | ਕੈਂਪਾਂ ਵਿਚ ਪਹੁੰਚੇ ਲੋਕਾਂ ਦਾ ਕਹਿਣਾ ਸੀ ਕਿ 2003 ਨਾਲ ਸਬੰਧਤ ਰਿਕਾਰਡ ਜਾਂ ਦਸਤਾਵੇਜ਼ ਉਨ੍ਹਾਂ ਕੋਲ ਮੌਜੂਦ ਨਹੀਂ ਹਨ, ਜਿਸ ਕਾਰਨ ਉਹ ਆਪਣੀ ਵੋਟ ਸਬੰਧੀ ਲੋੜੀਂਦੀ ਕਾਰਵਾਈ ਨਹੀਂ ਕਰਵਾ ਸਕੇ | ਕਈ ਲੋਕਾਂ ਨੇ ਦੋਸ਼ ਲਗਾਇਆ ਕਿ ਨਵੀਂ ਪ੍ਰਕਿਰਿਆ ਕਾਰਨ ਖ਼ੱਜਲ਼-ਖ਼ੁਆਰ ਹੁੰਦੇ ਰਹੇ | ਖ਼ਾਸ ਕਰਕੇ ਵਿਆਹ ਤੋਂ ਬਾਅਦ ਦੂਜੇ ਇਲਾਕਿਆਂ ਵਿਚ ਆ ਕੇ ਵੱਸੀਆਂ ਮਹਿਲਾਵਾਂ ਲਈ 2003 ਦੇ ਰਿਕਾਰਡ ਨਾਲ ਸਬੰਧਤ ਜਾਣਕਾਰੀ ਅਤੇ ਦਸਤਾਵੇਜ਼ ਮੁਹੱਈਆ ਕਰਵਾਉਣਾ ਵੱਡੀ ਚੁਨੌਤੀ ਬਣਿਆ ਹੋਇਆ ਹੈ | ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਹ ਸਾਲਾਂ ਤੋਂ ਸ਼ਹਿਰ ਵਿਚ ਰਹਿ ਰਹੇ ਹਨ ਅਤੇ ਇੱਥੇ ਹੀ ਵੋਟਾਂ ਪਾ ਰਹੇ ਹਨ ਤਾਂ ਹੁਣ ਦਹਾਕਿਆਂ ਪੁਰਾਣਾ ਰਿਕਾਰਡ ਲੱਭਣਾ ਉਨ੍ਹਾਂ ਲਈ ਲਗਭਗ ਅਸੰਭਵ ਹੈ | ਕਈ ਬਜ਼ੁਰਗ ਅਤੇ ਘੱਟ ਪੜ੍ਹੇ-ਲਿਖੇ ਲੋਕਾਂ ਨੂੰ ਨਵੀਂ ਪ੍ਰਕਿਰਿਆ ਸਮਝਣ ਵਿਚ ਵੀ ਮੁਸ਼ਕਲ ਆ ਰਹੀ ਹੈ | ਉਹ ਬੀ.ਐਲ.ਓਜ਼. ਕੋਲ ਜਾਣਕਾਰੀ ਲੈਣ ਲਈ ਪਹੁੰਚਦੇ ਹਨ ਪਰ ਦਸਤਾਵੇਜ਼ੀ ਕਾਰਵਾਈ ਦੀ ਜਟਿਲਤਾ ਕਾਰਨ ਉਲਝਣ ਵਿਚ ਪੈ ਜਾਂਦੇ ਹਨ | ਦੂਜੇ ਪਾਸੇ, ਡਿਊਟੀ 'ਤੇ ਤਾਇਨਾਤ ਬੀ.ਐਲ.ਓ ਲਵਕੇਸ਼ ਸਿੰਘ ਕੋਲ ਵੱਡੀ ਗਿਣਤੀ ਵਿਚ ਪਹੁੰਚੇ ਲੋਕਾਂ ਦੀਆਂ ਅਰਜ਼ੀਆਂ ਅਤੇ ਪੁੱਛਗਿੱਛ ਕਾਰਨ ਸਾਰਾ ਕੰਮ ਸੰਭਾਲਣਾ ਮੁਸ਼ਕਲ ਹੋ ਰਿਹਾ ਸੀ | ਜਿਸ ਕਾਰਨ ਪ੍ਰਕਿਰਿਆ ਵੀ ਪ੍ਰਭਾਵਿਤ ਹੋਈ | ਕੁਝ ਨਾਗਰਿਕਾਂ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਨਾਮ ਜਾਂ ਵੇਰਵੇ ਮੰਗੇ ਜਾ ਰਹੇ ਰਿਕਾਰਡ ਨਾਲ ਮੇਲ ਨਹੀਂ ਖਾਂਦੇ, ਨੂੰ ਆਪਣੀਆਂ ਵੋਟਾਂ ਕੱਟੇ ਜਾਣ ਦਾ ਡਰ ਸਤਾ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਵੱਲੋਂ ਬਣਾਈ ਗਈ ਪ੍ਰਕਿਰਿਆ ਨੂੰ ਹੋਰ ਸਰਲ ਨਾ ਕੀਤਾ ਗਿਆ ਤਾਂ ਆਮ ਨਾਗਰਿਕਾਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਲੋਕਾਂ ਨੇ ਇਹ ਵੀ ਮੰਗ ਕੀਤੀ ਕਿ ਆਧਾਰ ਜਾਂ ਹੋਰ ਮੌਜੂਦਾ ਪਛਾਣ ਦਸਤਾਵੇਜ਼ਾਂ ਦੇ ਆਧਾਰ 'ਤੇ ਵੋਟ ਦਾ ਅਧਿਕਾਰ ਯਕੀਨੀ ਬਣਾਇਆ ਜਾਵੇ ਅਤੇ ਦਹਾਕਿਆਂ ਪੁਰਾਣੇ ਰਿਕਾਰਡਾਂ ਦੀ ਸ਼ਰਤ ਲਗਾ ਕੇ ਲੋਕਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ | ਲੋਕਾਂ ਨੇ ਮੰਗ ਕੀਤੀ ਕਿ ਵੋਟਰ ਸੂਚੀ ਸੋਧ ਦੀ ਪ੍ਰਕਿਰਿਆ ਨੂੰ ਹੋਰ ਸਰਲ ਅਤੇ ਲੋਕ-ਪੱਖੀ ਬਣਾਇਆ ਜਾਵੇ ਤਾਂ ਜੋ ਕਿਸੇ ਵੀ ਯੋਗ ਵੋਟਰ ਨੂੰ ਬੇਲੋੜੀ ਪ੍ਰੇਸ਼ਾਨੀ ਨਾ ਝੱਲਣੀ ਪਵੇ |