ਫਿਰੋਜ਼ਪੁਰ, 7 ਜੂਨ (ਚਾਵਲਾ)-ਰੇਲਵੇ ਦੇ ਮਾਲ ਆਵਾਜਾਈ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਅਤੇ ਉਦਯੋਗਾਂ ਤੇ ਪ੍ਰਮੁੱਖ ਗਾਹਕਾਂ ਨਾਲ ਬਿਹਤਰ ਤਾਲਮੇਲ ਸਥਾਪਤ ਕਰਨ ਦੇ ਉਦੇਸ਼ ਨਾਲ ਫ਼ਿਰੋਜ਼ਪੁਰ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ (ਬੀ.ਡੀ.ਯੂ.) ਵਲੋਂ ਚੰਡੀਗੜ੍ਹ ਵਿਚ ਮਹੱਤਵਪੂਰਨ ਮੀਟਿੰਗਾਂ ਆਯੋਜਿਤ ਕੀਤੀਆਂ ਗਈਆਂ | ਮੀਟਿੰਗ ਵਿਚ ਭਾਰਤੀ ਖ਼ੁਰਾਕ ਨਿਗਮ (ਐੱਫ.ਸੀ.ਆਈ.) ਦੇ ਖੇਤਰੀ ਦਫ਼ਤਰ, ਚੰਡੀਗੜ੍ਹ ਵਿਖੇ ਐੱਫ.ਸੀ.ਆਈ. ਦੀ ਮਹਾਂ ਪ੍ਰਬੰਧਕ ਸ਼੍ਰੀਮਤੀ ਨੀਤਿਕਾ ਪਵਾਰ (ਆਈ.ਏ.ਐੱਸ.), ਅਤੇ ਰੇਲਵੇ ਫ਼ਿਰੋਜ਼ਪੁਰ ਮੰਡਲ ਵਲੋਂ ਸੀਨੀਅਰ ਮੰਡਲ ਸੰਚਾਲਨ ਪ੍ਰਬੰਧਕ ਗੁਰਸ਼ਰਨ ਪਾਠਕ, ਸੀਨੀਅਰ ਮੰਡਲ ਵਣਜ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਸਮੇਤ ਹੋਰ ਅਧਿਕਾਰੀ ਮੌਜ਼ੂਦ ਰਹੇ | ਮੀਟਿੰਗ ਦੌਰਾਨ ਰੇਲਵੇ ਵਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਮਾਲ ਢੋਆ-ਢੁਆਈ ਦੀਆਂ ਸਹੂਲਤਾਂ, ਸਮੇਂ ਸਿਰ ਰੈਕ ਦੀ ਉਪਲਬਧਤਾ, ਲੋਡਿੰਗ ਅਤੇ ਅਨਲੋਡਿੰਗ ਪ੍ਰਬੰਧਾਂ, ਆਵਾਜਾਈ ਪ੍ਰਕਿਰਿਆ ਨੂੰ ਹੋਰ ਸਰਲ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਉਪਾਵਾਂ ਅਤੇ ਭਵਿੱਖ ਵਿਚ ਮਾਲ ਆਵਾਜਾਈ (ਫਰੇਟ ਟਰੈਫ਼ਿਕ) ਵਧਾਉਣ ਦੀਆਂ ਸੰਭਾਵਨਾਵਾਂ 'ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ | ਅਧਿਕਾਰੀਆਂ ਨੇ ਲੌਜਿਸਟਿਕਸ ਲਾਗਤ ਨੂੰ ਘਟਾਉਣ ਅਤੇ ਮਾਲ ਆਵਾਜਾਈ ਵਿਚ ਰੇਲਵੇ ਦੀ ਭਾਗੀਦਾਰੀ ਵਧਾਉਣ ਦੇ ਵੱਖ-ਵੱਖ ਪਹਿਲੂਆਂ 'ਤੇ ਵੀ ਚਰਚਾ ਕੀਤੀ | ਇਸੇ ਲੜੀ ਤਹਿਤ ਕੇਂਦਰੀ ਭੰਡਾਰਨ ਨਿਗਮ (ਸੀ.ਡਬਲਿਊ.ਸੀ.) ਦੇ ਖੇਤਰੀ ਦਫ਼ਤਰ, ਚੰਡੀਗੜ੍ਹ ਵਿਖੇ ਸੀ.ਡਬਲਿਊ.ਸੀ. ਦੇ ਮਹਾਂਪ੍ਰਬੰਧਕ ਨਵੀਨ ਕੁਮਾਰ ਅਤੇ ਰੇਲਵੇ ਫ਼ਿਰੋਜ਼ਪੁਰ ਮੰਡਲ ਵਲੋਂ ਸੀਨੀਅਰ ਮੰਡਲ ਸੰਚਾਲਨ ਪ੍ਰਬੰਧਕ ਗੁਰਸ਼ਰਨ ਪਾਠਕ, ਸੀਨੀਅਰ ਮੰਡਲ ਵਣਜ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਸਮੇਤ ਹੋਰ ਅਧਿਕਾਰੀ ਸ਼ਾਮਲ ਹੋਏ | ਇਸ ਮੀਟਿੰਗ ਵਿਚ ਵੀ ਰੇਲਵੇ ਦੁਆਰਾ ਪ੍ਰਦਾਨ ਕੀਤੀਆਂ ਜਾ ਰਹੀਆਂ ਮਾਲ ਢੋਆ-ਢੁਆਈ ਦੀਆਂ ਸਹੂਲਤਾਂ, ਸਮੇਂ ਸਿਰ ਰੈਕ ਦੀ ਉਪਲਬਧਤਾ, ਲੋਡਿੰਗ-ਅਨਲੋਡਿੰਗ ਵਿਵਸਥਾਵਾਂ, ਆਵਾਜਾਈ ਪ੍ਰਕਿਰਿਆ ਨੂੰ ਸਰਲ ਤੇ ਪ੍ਰਭਾਵਸ਼ਾਲੀ ਬਣਾਉਣ ਅਤੇ ਭਵਿੱਖ ਵਿਚ ਮਾਲ ਆਵਾਜਾਈ ਵਧਾਉਣ ਦੀਆਂ ਸੰਭਾਵਨਾਵਾਂ ਬਾਰੇ ਡੂੰਘਾਈ ਨਾਲ ਚਰਚਾ ਕੀਤੀ ਗਈ | ਅਧਿਕਾਰੀਆਂ ਨੇ ਲੌਜਿਸਟਿਕਸ ਲਾਗਤਾਂ ਨੂੰ ਘੱਟ ਕਰਨ ਅਤੇ ਮਾਲ ਆਵਾਜਾਈ ਵਿਚ ਰੇਲਵੇ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਦੇ ਵੱਖ-ਵੱਖ ਪਹਿਲੂਆਂ ਉੱਤੇ ਵਿਚਾਰ ਪੇਸ਼ ਕੀਤੇ | ਮੰਡਲ ਰੇਲ ਪ੍ਰਬੰਧਕ ਫ਼ਿਰੋਜ਼ਪੁਰ ਸੰਜੀਵ ਕੁਮਾਰ ਨੇ ਦੱਸਿਆ ਕਿ ਫ਼ਿਰੋਜ਼ਪੁਰ ਮੰਡਲ ਆਪਣੇ ਗਾਹਕਾਂ ਨੂੰ ਸੁਰੱਖਿਅਤ, ਭਰੋਸੇਮੰਦ, ਕਿਫ਼ਾਇਤੀ ਅਤੇ ਵਾਤਾਵਰਣ-ਅਨੁਕੂਲ ਆਵਾਜਾਈ ਸੇਵਾਵਾਂ ਪ੍ਰਦਾਨ ਕਰਨ ਲਈ ਨਿਰੰਤਰ ਵਚਨਬੱਧ ਹੈ |