ਫ਼ਾਜ਼ਿਲਕਾ, 8 ਜੂਨ (ਅਮਰਜੀਤ ਸ਼ਰਮਾ)-ਪੀ.ਐੱਸ.ਈ.ਬੀ.ਇੰਪਲਾਈਜ਼ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ 'ਤੇ ਪੀ.ਐੱਸ.ਪੀ.ਸੀ.ਐਲ. ਮੰਡਲ ਫਾਜ਼ਿਲਕਾ ਦੇ ਗੇਟ ਅੱਗੇ ਮੁਲਾਜ਼ਮਾਂ ਵਲੋਂ ਇਕ ਰੋਹ ਭਰਪੂਰ ਗੇਟ ਰੈਲੀ ਕੀਤੀ ਗਈ | ਇਹ ਰੈਲੀ ਬੀਤੀ 5 ਜੂਨ ਨੂੰ ਪਟਿਆਲਾ ਹੈੱਡ ਆਫ਼ਿਸ ਦੇ ਗੇਟਾਂ 'ਤੇ ਸ਼ਾਂਤਮਈ ਧਰਨਾ ਦੇ ਰਹੇ ਬੇਰੁਜ਼ਗਾਰ ਨੌਜਵਾਨਾਂ 'ਤੇ ਪੁਲਿਸ ਵਲੋਂ ਕੀਤੇ ਗਏ ਕਥਿਤ ਲਾਠੀਚਾਰਜ ਅਤੇ ਅੱਤਿਆਚਾਰ ਦੇ ਵਿਰੋਧ ਵਿਚ ਕੀਤੀ ਗਈ | ਇਸ ਮੌਕੇ ਇਕੱਠੇ ਹੋਏ ਬਿਜਲੀ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਦੀ ਸ਼ਹਿ 'ਤੇ ਨੌਜਵਾਨਾਂ 'ਤੇ ਲਾਠੀਚਾਰਜ ਕੀਤਾ ਗਿਆ ਅਤੇ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਪਹਿਲਾਂ ਹੋਏ ਸਮਝੌਤੇ ਮੁਤਾਬਿਕ ਹੀ ਉੱਥੇ ਸ਼ਾਂਤੀਪੂਰਵਕ ਧਰਨੇ 'ਤੇ ਬੈਠ ਕੇ ਆਪਣਾ ਰੋਸ ਜ਼ਾਹਿਰ ਕਰ ਰਹੇ ਸਨ, ਪਰ ਪੰਜਾਬ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰ ਰਹੀ ਹੈ | ਮੁਲਾਜ਼ਮ ਆਗੂਆਂ ਨੇ ਦੋਸ਼ ਲਾਇਆ ਕਿ ਡੀ.ਐੱਸ.ਪੀ.ਦੀ ਹਾਜ਼ਰੀ ਵਿਚ ਨੌਜਵਾਨਾਂ 'ਤੇ ਤਸ਼ੱਦਦ ਢਾਹਿਆ ਗਿਆ ਅਤੇ ਕਈਆਂ 'ਤੇ ਝੂਠੇ ਪਰਚੇ ਵੀ ਦਰਜ ਕੀਤੇ ਗਏ ਹਨ | ਮੁਲਾਜ਼ਮ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਨ੍ਹਾਂ ਨੌਜਵਾਨਾਂ ਦੇ ਮਸਲਿਆਂ ਦਾ ਜਲਦ ਕੋਈ ਯੋਗ ਹੱਲ ਨਾ ਕੱਢਿਆ ਗਿਆ ਅਤੇ ਮੁਲਾਜ਼ਮਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ 14 ਜੂਨ ਨੂੰ ਮੁੱਖ ਮੰਤਰੀ ਦੇ ਰਿਹਾਇਸ਼ੀ ਹਲਕੇ ਸੰਗਰੂਰ ਵਿਖੇ ਸੂਬਾ ਪੱਧਰੀ ਰੋਸ ਮੁਜ਼ਾਹਰਾ ਕੀਤਾ ਜਾਵੇਗਾ ਅਤੇ ਰੋਸ ਮਾਰਚ ਕੱਢਿਆ ਜਾਵੇਗਾ | ਇਸ ਤੋਂ ਇਲਾਵਾ 16 ਅਤੇ 17 ਜੂਨ ਨੂੰ ਦੋ ਰੋਜ਼ਾ ਮੁਕੰਮਲ ਹੜਤਾਲ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਮਸਲਾ ਹੱਲ ਨਾ ਹੋਇਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਸਮੁੱਚੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰ ਕਾਮ ਮੈਨੇਜਮੈਂਟ ਦੀ ਹੋਵੇਗੀ | ਅੱਜ ਦੀ ਇਸ ਗੇਟ ਰੈਲੀ ਨੂੰ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਮੰਡਲ ਸਕੱਤਰ ਪੂਰਨ ਸਿੰਘ, ਮਲਕੀਤ ਸਿੰਘ ਮੰਡਲ ਪ੍ਰਧਾਨ, ਦੀਪ ਸਿੰਘ ਪ੍ਰਧਾਨ ਇੰਪਲਾਈਜ਼ ਫੈਡਰੇਸ਼ਨ, ਨਰੇਸ਼ ਕੁਮਾਰ, ਨਰਿੰਦਰ ਕੁਮਾਰ, ਮਨਿੰਦਰ ਸਿੰਘ, ਰਜਿੰਦਰ ਸ਼ਰਮਾ, ਕੁਲਵੀਰ ਕੁਮਾਰ, ਹਰਭਜਨ ਲਾਲ ਪ੍ਰਧਾਨ, ਬਰਿੰਦਰ ਕੁਮਾਰ, ਭਜਨ ਲਾਲ, ਬਲਰਾਮ ਅਤੇ ਰਾਧਾ ਕ੍ਰਿਸ਼ਨ ਆਦਿ ਆਗੂਆਂ ਨੇ ਸੰਬੋਧਨ ਕੀਤਾ |